ਫਗਵਾੜਾ 12 ਜੂਨ (ਸ਼ਿਵ ਕੋੜਾ) ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਂਗਰਸੀ ਵਰਕਰਾਂ ਵਲੋਂ ਮਾਰਕਿਟ ਕਮੇਟੀ ਫਗਵਾੜਾ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ ਦੀ ਅਗਵਾਈ ਹੇਠ ਡੀਜ਼ਲ ਅਤੇ ਪੈਟਰੋਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਰੋਸ ਵਜੋਂ ਨਜਦੀਕੀ ਪਿੰਡ ਪੰਡੋਰੀ ਸਥਿਤ ਪੈਟਰੋਲ ਪੰਪ ਵਿਖੇ ਧਰਨਾ ਲਾ ਕੇ ਮੋਦੀ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਜਗਜੀਵਨ ਖਲਵਾੜਾ ਨੇ ਕਿਹਾ ਕਿ ਕੋਵਿਡ-19 ਕੋਰੋਨਾ ਮਹਾਮਾਰੀ ਦੇ ਦੌਰ ਵਿਚ ਪੈਟਰੋਲ-ਡੀਜਲ ਦੀਆਂ ਕੀਮਤਾਂ ਵਧਾ ਕੇ ਜਨਤਾ ਨਾਲ ਖੁਲੇਆਮ ਲੁੱਟ ਮਚਾਈ ਜਾ ਰਹੀ ਹੈ ਜਿਸ ਦੇ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਜਿੰਮੇਵਾਰ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ, ਕਿਸਾਨਾਂ ਅਤੇ ਮਜਦੂਰ ਵਰਗ ਦਾ ਲੱਕ ਤੋੜ ਦਿੱਤਾ ਹੈ। ਉਹਨਾਂ ਦੇਸ਼ ਵਿਚ ਲਗਾਤਾਰ ਵੱਧ ਰਹੀ ਮਹਿੰਗਾਈ ਲਈ ਕੇਂਦਰੀ ਸਰਕਾਰ ਨੂੰ ਦਸਦਿਆਂ ਕਿਹਾ ਕਿ ਲੋਕ ਕੋਰੋਨਾ ਨਾਲ ਮਰ ਰਹੇ ਹਨ ਪਰ ਮੋਦੀ ਸਰਕਾਰ ਤੇਲ ਦੀਆਂ ਕੀਮਤਾਂ ਵਧਾ ਕੇ ਲੁੱਟਣ ਵਿਚ ਲੱਗੀ ਹੈ। ਜੇਕਰ ਪੈਟ੍ਰੋਲ ਡੀਜਲ ਦੀਆਂ ਕੀਮਤਾਂ ਨਾ ਘਟਾਈਆਂ ਗਈਆਂ ਤਾਂ ਕਾਂਗਰਸ ਪਾਰਟੀ ਵੱਡਾ ਅੰਦੋਲਨ ਖਡਾ ਕਰੇਗੀ ਅਤੇ ਜਨਤਾ ਨੂੰ ਨਾਲ ਲੈ ਕੇ ਸੜਕਾਂ ਉਪਰ ਸੰਘਰਸ਼ ਕੀਤਾ ਜਾਵੇਗਾ। ਜਿਸਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੋਕੇ ਪਰਮਜੀਤ ਸਿੰਘ ਕਾਕਾ, ਗਗਨਦੀਪ ਸਿੰਘ, ਗੁਰਪ੍ਰੀਤ ਕੌਰ, ਗੁਰਦੇਵ ਕੌਰ, ਗੁਰਮੀਤ ਸਿੰਘ ਆਦਿ ਹਾਜਰ ਸਨ।