ਫਗਵਾੜਾ 5 ਮਈ (ਸ਼਼ਿਵ ਕੋੋੜਾ) ਭਾਰਤੀ ਜਨਤਾ ਪਾਰਟੀ ਵਲੋਂ ਪੱਛਮੀ ਬੰਗਾਲ ‘ਚ ਨਵੀਂ ਸਰਕਾਰ ਦੇ ਗਠਨ ਉਪਰੰਤ ਹੋ ਰਹੀਆਂ ਹਿੰਸਾ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਅੱਜ ਰਾਸ਼ਟਰ ਪੱਧਰੀ ਕੀਤੇ ਰੋਸ ਮੁਜਾਹਰਿਆਂ ਦੀ ਲੜੀ ਹੇਠ ਮੰਡਲ ਭਾਜਪਾ ਫਗਵਾੜਾ ਵਲੋਂ ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ ਦੀ ਅਗਵਾਈ ਹੇਠ ਹੱਥਾਂ ਵਿਚ ਤਖਤੀਆਂ ਫੜ ਕੇ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਮਮਤਾ ਬੈਨਰਜੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਨਵੀਂ ਸਰਕਾਰ ਬਨਣ ਉਪਰੰਤ ਪੱਛਮੀ ਬੰਗਾਲ ‘ਚ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਨੰਦੀਗ੍ਰਾਮ ਵਿਚ ਮਮਤਾ ਬੈਨਰਜੀ ਦੀ ਹਾਰ ਤੋਂ ਟੀ.ਐਮ.ਸੀ. ਬੁਰੀ ਤਰ੍ਹਾਂ ਬੌਖਲਾ ਗਈ ਹੈ। ਭਾਜਪਾ ਵਰਕਰਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਹਨ ਅਤੇ ਔਰਤਾਂ ਨਾਲ ਜਬਰ ਜਿਨਾਹ ਕੀਤਾ ਜਾ ਰਿਹਾ ਹੈ। ਜਿਸ ਨਾਲ ਭਾਜਪਾ ਵਰਕਰਾਂ ਅਤੇ ਸਮਰਥਕਾਂ ਵਿਚ ਦਹਿਸ਼ਤ ਹੈ। ਸੈਂਕੜੇ ਵਰਕਰ ਅਤੇ ਸਮਰਥਕ ਪੱਛਮੀ ਬੰਗਾਲ ਤੋਂ ਜਾਨ ਬਚਾਅ ਕੇ ਅਸਾਮ ਭੱਜ ਰਹੇ ਹਨ। ਉਹਨਾਂ ਕਿਹਾ ਕਿ ਟੀ.ਐਮ.ਸੀ. ਦੀ ਇਸ ਖੂਨੀ ਖੇਡ ਨੂੰ ਲੈ ਕੇ ਹੋਰ ਵਿਰੋਧੀ ਧਿਰਾਂ ਦੀ ਚੁੱਪੀ ਨਿੰਦਣਯੋਗ ਹੈ ਪਰ ਭਾਜਪਾ ਇਸ ਧੱਕੇਸ਼ਾਹੀ ਨੂੰ ਹਰਗਿਜ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਮੰਡਲ ਭਾਜਪਾ ਜਨਰਲ ਸਕੱਤਰ ਪਰਮਿੰਦਰ ਸਿੰਘ, ਪਰਮਜੀਤ ਸਿੰਘ ਖੁਰਾਣਾ ਅਤੇ ਭਾਜਯੁਮੋ ਜਿਲ੍ਹਾ ਸਕੱਤਰ ਨਿਤਿਨ ਚੱਢਾ ਹਾਜਰ ਸਨ