ਜਲੰਧਰ (1 ਫ਼ਰਵਰੀ) ਪੰਜਾਬ ਪ੍ਰੈੱਸ ਕਲੱਬ ਦੇ ਸੱਦੇ ਉਪਰ ਅੱਜ ਇੱਥੇ ਇਕੱਤਰ ਮੀਡੀਆ ਕਰਮੀਆਂ ਨੇ ਕਿਸਾਨ ਸੰਘਰਸ਼ ਦੀ ਨਿਰਪੱਖ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਨ, ਉਨ੍ਹਾਂ ਉਤੇ ਤਸ਼ੱਦਦ ਕਰਨ ਤੇ ਕੁਝ ਸੰਪਾਦਕਾਂ ਖ਼ਿਲਾਫ਼ ਸੰਗੀਨ ਜੁਰਮਾਂ ਹੇਠ ਮੁਕੱਦਮੇ ਦਰਜ ਕਰਨ ਖ਼ਿਲਾਫ਼ ਸਖ਼ਤ ਰੋਸ ਪ੍ਰਗਟ ਕੀਤਾ ਤੇ ਮੰਗ ਕੀਤੀ ਕਿ ਗ੍ਰਿਫ਼ਤਾਰ ਪੱਤਰਕਾਰ ਮਨਦੀਪ ਪੂਨੀਆ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਸੰਪਾਦਕਾਂ ਖ਼ਿਲਾਫ਼ ਦਰਜ ਕੇਸ ਰੱਦ ਕੀਤੇ ਜਾਣ। ਪ੍ਰੈੱਸ ਕਲੱਬ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਨੇ ਪੱਤਰਕਾਰਾਂ ਖ਼ਿਲਾਫ਼ ਹਮਲਿਆਂ ਨੂੰ ਉਨ੍ਹਾਂ ਦੇ ਜਮਹੂਰੀ ਹੱਕਾਂ ਉਪਰ ਛਾਪਾ ਕਰਾਰ ਦਿੰਦਿਆਂ ਕਿਹਾ ਕਿ ਮੌਜੂਦਾ ਸਰਕਾਰ ਸਭ ਸੰਵਿਧਾਨਕ ਹੱਦਾਂ ਪਾਰ ਕਰਕੇ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਵਾਏ ਜਾਣ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ ਜੋ ਕਿ ਸਰਾਸਰ ਗਲਤ ਹਨ। ਕਲੱਬ ਦੇ ਜਨਰਲ ਸਕੱਤਰ ਅਤੇ ਅਜੀਤ ਅਖਬਾਰ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਮੀਡੀਆ ਦੇ ਖ਼ਿਲਾਫ਼ ਅਜਿਹੇ ਹਥਕੰਡੇ ਵਰਤ ਕੇ ਅਜਿਹੇ ਅਨੈਤਿਕ ਕੰਮ ਕਰ ਰਹੀ ਹੈ ਜੋ ਸਮਾਜ ਦੇ ਹਰ ਵਰਗ ਅੰਦਰ ਰੋਸ ਤੇ ਗੁੱਸਾ ਪੈਦਾ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਗੈਰਸੰਵਿਧਾਨਕ ਤੇ ਅਨੈਤਿਕ ਢੰਗਾਂ ਨਾਲ ਖੇਤੀ ਕਾਨੂੰਨ ਪਾਸ ਕੀਤੇ ਅਤੇ ਹੁਣ ਅਜਿਹੇ ਹੀ ਹਥਕੰਡੇ ਵਰਤ ਕੇ ਕਿਸਾਨ ਅੰਦੋਲਨ ਦੀ ਨਿਰਪੱਖ ਪੱਤਰਕਾਰੀ ਕਰਨ ਵਾਲੇ ਮੀਡੀਆ ਕਰਮੀਆਂ ਉੱਪਰ ਹਮਲੇ ਕੀਤੇ ਜਾ ਰਹੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਮੁਖੀ ਡਾ.ਕਮਲੇਸ਼ ਸਿੰਘ ਦੁੱਗਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਮਲਕੀਤ ਸਿੰਘ ਬਰਾੜ, ਪਰਮਜੀਤ ਸਿੰਘ ਰੰਗਪੁਰੀ, ਜਸਬੀਰ ਸਿੰਘ ਸੋਢੀ, ਮਨੀਸ਼ ਕੁਮਾਰ ਅਤੇ ਕਲੱਬ ਦੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਵੀ ਹਾਜ਼ਰ ਸਨ।