ਫਗਵਾੜਾ 24 ਅਪ੍ਰੈਲ (ਸ਼਼ਿਵ ਕੋੋੜਾ) ਫਗਵਾੜਾ ਇਨਵਾਇਰੰਮੈਂਟ ਐਸੋਸੀਏਸ਼ਨ ਵਲੋਂ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਜੈਨ ਮਾਡਲ ਹਾਈ ਸਕੂਲ ਮਾਡਲ ਟਾਊਨ ਦੇ ਸਹਿਯੋਗ ਨਾਲ 51ਵਾਂ ਵਿਸ਼ਵ ਧਰਤੀ ਦਿਵਸ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਮਨਾਇਆ ਗਿਆ। ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਦਿਆਂ ਸੰਖੇਪ ਰੂਪ ਵਿਚ ਆਯੋਜਿਤ ਸਮਾਗਮ ਦੇ ਮੁੱਖ ਮਹਿਮਾਨ ਐਸ.ਐਸ. ਜੈਨ ਸਭਾ ਦੇ ਪ੍ਰਧਾਨ ਸ੍ਰੀ ਕੀਮਤੀ ਲਾਲ ਜੈਨ ਸਨ। ਸਕੂਲ ਦੀ ਹੈਡ ਟੀਚਰ ਸ੍ਰੀਮਤੀ ਸ਼ਸ਼ੀ ਡੋਗਰਾ ਅਤੇ ਮਮਤਾ ਚੋਪੜਾ ਵਲੋਂ ਪਾਵਰ ਪੁਆਇੰਟ ਪ੍ਰੋਜੈਕਟਰ ਰਾਹੀਂ ਧਰਤੀ ਦਿਵਸ ਸਬੰਧੀ ਚਲਚਿੱਤਰ ਦਿਖਾਇਆ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਧਰਤੀ ਦਿਵਸ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਵਿਚ ਧਰਤੀ ਨੂੰ ਮਾਂ ਦੀ ਤਰ੍ਹਾਂ ਪਿਆਰ ਕਰਨ ਦਾ ਸੁਨੇਹਾ ਦੇਣਾ ਅਤੇ ਧਰਤੀ ਉਪਰਲੇ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਜਾਗਰੁਕ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਨਾਂ ਦਿਨਾ ਦਰਮਿਆਨ ਕੋਵਿਡ-19 ਨੂੰ ਲੈ ਕੇ ਦੇਸ਼ ਵਿਚ ਜਦੋਂ ਪੂਰਣ ਲਾਕਡਾਉਨ ਸੀ ਤਾਂ ਧਰਤੀ ਦਾ ਵਾਤਾਵਰਣ ਸ਼ੁੱਧ ਹੋ ਗਿਆ ਸੀ। ਪੰਛੀਆਂ ਦੇ ਚਹਿਚਹਾਉਣ ਦੀਆਂ ਅਵਾਜ਼ਾਂ ਫਿਰ ਸੁਣਾਈ ਦੇਣ ਲਗ ਪਈਆਂ ਸੀ। ਇੱਥੋਂ ਤੱਕ ਕੇ ਜਲੰਧਰ ਤੋਂ ਹਿਮਾਚਲ ਦੇ ਪਹਾੜਾਂ ਦਾ ਨਜ਼ਾਰਾ ਦਿਖਾਈ ਦੇ ਰਿਹਾ ਸੀ ਜਿਸਦੀ ਵਜ੍ਹਾ ਵਾਤਾਵਰਣ ਦੀ ਸ਼ੁੱਧਤਾ ਸੀ। ਸਾਨੂੰ ਸਮਝਣਾ ਚਾਹੀਦਾ ਹੈ ਕਿ ਆਧੁਨਿਕਤਾ ਅਤੇ ਮਸ਼ੀਨੀ ਯੁਗ ਵਿਚ ਅਸੀਂ ਧਰਤੀ ਦਾ ਕਿੰਨਾ ਨੁਕਸਾਨ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਵਿਸ਼ਵ ਧਰਤੀ ਦਿਵਸ ਮਨਾਉਣ ਦੀ ਸ਼ੁਰੂਆਤ ਸਾਲ 1970 ਵਿਚ ਅਮਰੀਕੀ ਵਿਗਿਆਨੀ ਦੀ ਪਹਿਲ ਕਦਮੀ ‘ਤੇ ਹੋਈ ਅਤੇ ਅੱਜ ਦੁਨੀਆ ਭਰ ਦੇ 193 ਦੇਸ਼ਾਂ ਵਿਚ ਇਸ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਤਾਰਾ ਚੰਦ ਚੁੰਬਰ, ਵਿਨੋਦ ਮੜੀਆ, ਹਰਵਿੰਦਰ ਸਿੰਘ, ਮੋਹਨ ਲਾਲ ਤਨੇਜਾ, ਬਿ੍ਰਜ ਭੂਸ਼ਣ, ਰਾਮ ਰਤਨ ਵਾਲੀਆ ਆਦਿ ਹਾਜਰ ਸਨ।