ਫਗਵਾੜਾ (ਸ਼਼ਿਵ ਕੋੋੜਾ) :- ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਸਵੱਛ ਭਾਰਤ ਮੁਹਿਮ ਤਹਿਤ ਫਗਵਾੜਾ ਕਾਰਪੋਰੇਸ਼ਨ ਨੂੰ ਇਕ ਕਰੋੜ ਰੁਪਏ ਦੀ ਗ੍ਰਾਂਟ ਮੰਨਜੂਰ ਕੀਤੀ ਹੈ ਜਿਸ ਦੀ ਪਹਿਲੀ ਕਿਸ਼ਤ ਪ੍ਰਾਪਤ ਹੋ ਚੁੱਕੀ ਹੈ ਅਤੇ ਇਸ ਰਕਮ ਨਾਲ ਦੋ ਜੇ.ਸੀ.ਬੀ. ਮਸ਼ੀਨਾ, ਦੋ ਟਰੈਕਟਰ, ਦੋ ਟ੍ਰਾਲੀਆ, ਕੂੜੇ ਦੀ ਢੁਲਾਈ ਲਈ ਪੰਜ ਥ੍ਰੀ ਵਹੀਲਰਾਂ ਤੋਂ ਇਲਾਵਾ ਦੋ ਮਸ਼ੀਨਾ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਨ ਵਾਲੀਆਂ ਖਰੀਦੀਆਂ ਜਾ ਰਹੀਆਂ ਹਨ ਤਾਂ ਜੋ ਫਗਵਾੜਾ ਸ਼ਹਿਰ ਦੀ ਸਵੱਛਤਾ ਦੇ ਕੰਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਹਨਾਂ ਕਿਹਾ ਕਿ ਸ਼ਹਿਰ ਦੇ ਕਾਂਗਰਸੀ ਆਗੂ ਕੇਂਦਰ ਵਲੋਂ ਭੇਜੀ ਗ੍ਰਾਂਟ ਦਾ ਸਿਹਰਾ ਕੈਪਟਨ ਸਰਕਾਰ ਦੇ ਸਿਰ ਸਜਾ ਕੇ ਫੋਕੀ ਵਾਹਵਾਹੀ ਖੱਟ ਰਹੇ ਹਨ ਜਦਕਿ ਸੂਬੇ ਦੀ ਕਾਂਗਰਸ ਸਰਕਾਰ ਦਾ ਇਸ ਨਾਲ ਕੋਈ ਵਾਸਤਾ ਨਹੀਂ ਹੈ। ਲੋਕਸਭਾ ਹਲਕਾ ਹੁਸ਼ਿਆਰਪੁਰ ਦੇ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਬਦੌਲਤ ਇਹ ਗ੍ਰਾਂਟ ਫਗਵਾੜਾ ਕਾਰਪੋਰੇਸ਼ਨ ਨੂੰ ਮਿਲ ਰਹੀ ਹੈ। ਉਹਨਾਂ ਕਿਹਾ ਕਿ ਨਕੋਦਰ ਰੋਡ ਦੀ ਮੁੜ ਉਸਾਰੀ ਵੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਹੀ ਕੇਂਦਰ ਤੋਂ ਗ੍ਰਾਂਟ ਦਾ ਪ੍ਰਬੰਧ ਕਰਵਾ ਕੇ ਕਰਵਾਈ ਜਾ ਰਹੀ ਹੈ ਜਿਸ ਨਾਲ ਬਾਬਾ ਮੁਰਾਦ ਸ਼ਾਹ ਦੀ ਦਰਗਾਹ ਨਕੋਦਰ ਜਾਣ ਵਾਲੀ ਸੰਗਤ ਨੂੰ ਕਾਫੀ ਰਾਹਤ ਮਿਲੇਗੀ ਅਤੇ ਮਾਤਾ ਚਿੰਤਪੁਰਨੀ ਰੋਡ ਦੀ ਸੜਕ ਦੀ ਦਸ਼ਾ ਵੀ ਕੇਂਦਰੀ ਪ੍ਰੋਜੈਕਟ ਅਧੀਨ ਹੀ ਸੁਧਾਰੀ ਜਾ ਰਹੀ ਹੈ। ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਸੋਮ ਪ੍ਰਕਾਸ਼ ਕੈਂਥ ਨੇ ਜਿਸ ਤਰ੍ਹਾਂ ਵਿਧਾਇਕ ਦੇ ਤੌਰ ਤੇ ਫਗਵਾੜਾ ਦਾ ਸਰਬ ਪੱਖੀ ਵਿਕਾਸ ਕਰਵਾਇਆ ਉਸੇ ਤਰ੍ਹਾਂ ਹੁਣ ਕੇਂਦਰੀ ਮੰਤਰੀ ਦੇ ਨਾਤੇ ਵੀ ਆਪਣੇ ਹੋਮ ਸਿਟੀ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਹਨਾਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੋਂ ਸਵਾਲ ਕੀਤਾ ਕਿ ਫਗਵਾੜਾ ਦੇ ਵਿਕਾਸ ਲਈ ਲਈ ਉਹਨਾਂ ਨੇ ਕਿਹੜਾ ਨਵਾਂ ਪ੍ਰੋਜੈਕਟ ਲਿਆਂਦਾ ਹੈ, ਉਸ ਬਾਰੇ ਸ਼ਹਿਰ ਦੀ ਜਨਤਾ ਨੂੰ ਜਰੂਰ ਦੱਸਿਆ ਜਾਵੇ।