ਫਗਵਾੜਾ 23 ਜਨਵਰੀ (ਸ਼ਿਵ ਕੋੜਾ) ਨਗਰ ਨਿਗਮ ਫਗਵਾੜਾ ਦੀ ਅਫਸਰਸ਼ਾਹੀ ਦੀ ਮਿਲੁਭੁਗਤ ਨਾਲ ਵੱਡੀ ਪੱਧਰ ਤੇ ਹੋ ਰਹੀ ਘਪਲੇਬਾਜੀ ਦਾ ਦੋਸ਼ ਲਾਉਂਦੇ ਹੋਏ ਅੱਜ ਮੰਡਲ ਭਾਜਪਾ ਫਗਵਾੜਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ ਨੇ ਕਿਹਾ ਕਿ ਕਾਰਪੋਰੇਸ਼ਨ ਵਲੋਂ ਨਵੀਆਂ ਸਟਰੀਟ ਲਾਈਟਾਂ ਲਾਉਣ ਅਤੇ ਪੁਰਾਣੀਆਂ ਲੱਗੀਆਂ ਸਟਰੀਟ ਲਾਈਟਾਂ ਦੀ ਮੁਰੰਮਤ ਦਾ ਠੇਕਾ ਸਾਲ 2016 ਤੋਂ ਵਿਵੇਕ ਇੰਟਰਪ੍ਰਾਈਜਿਜ ਨਾਂ ਦੀ ਇਕ ਹੀ ਫਰਮ ਨੂੰ ਦਿੱਤਾ ਜਾ ਰਿਹਾ ਹੈ। ਜੇਕਰ ਕੋਈ ਹੋਰ ਫਰਮ ਟੈਂਡਰ ਭਰਦੀ ਹੈ ਤਾਂ ਉਸਦੇ ਕਾਗਜਾਂ ‘ਚ ਕੋਈ ਨਾ ਕੋਈ ਨੁਕਸ ਕੱਢ ਕੇ ਟੈਂਡਰ ਰੱਦ ਕਰ ਦਿੱਤਾ ਜਾਂਦਾ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਵਿਵੇਕ ਇੰਟਰਪ੍ਰਾਈਜਿਜ ਨੂੰ ਸ਼ਹਿਰ ਦੇ ਵਾਰਡ ਨੰਬਰ 2, 4, 41, 42, 44 ਤੇ 48 ਵਿਖੇ ਲਾਈਟਾਂ ਲਾਉਣ ਦਾ ਠੇਕਾ ਕਰੀਬ ਸੱਠ ਲੱਖ ਰੁਪਏ ਵਿਚ ਦਿੱਤਾ ਗਿਆ ਜੋ ਕਿ ਵਾਧੂ ਲਿਮਿਟ ਤੋਂ ਸਿਰਫ 2.34 ਫੀਸਦੀ ਲੈਸ ਤੇ ਦਿੱਤਾ ਗਿਆ ਹੈ ਜਦਕਿ ਪੰਜਾਬ ਦੀਆਂ ਹੋਰ ਕਾਰਪੋਰੇਸ਼ਨਾਂ ‘ਚ 25 ਤੋਂ 30 ਪ੍ਰਤੀਸ਼ਤ ਲੈਸ ‘ਤੇ ਠੇਕੇਦਾਰਾਂ ਵਲੋਂ ਠੇਕਾ ਲਿਆ ਜਾਂਦਾ ਹੈ। ਪੰਮਾ ਚਾਚੋਕੀ ਨੇ ਦੋਸ਼ ਲਾਇਆ ਕਿ ਵਿਵੇਕ ਇੰਟਰਪ੍ਰਾਈਜਿਜ ਤੋਂ ਇਲਾਵਾ ਤਨਵੀ ਇੰਟਰਪ੍ਰਾਈਜਿਜ ਅਤੇ ਜਗਮੋਹਨ ਦੀਪ ਬਾਂਸਲ ਕਾਂਟ੍ਰੈਕਟਰ ਵਲੋਂ ਜੋ ਟੈਂਡਰ ਭਰੇ ਗਏ ਸੀ ਉਹ ਦੋਵੇਂ ਫਰਮਾਂ ਵੀ ਵਿਵੇਕ ਇੰਟਰਪ੍ਰਾਈਜਿਜ ਦੀਆਂ ਹੀ ਹਨ। ਠੇਕੇਦਾਰ ਵਲੋਂ ਜਿਸ ਐਲ.ਈ.ਡੀ. ਨੂੰ 2400 ਰੁਪਏ ਪ੍ਰਤੀ ਪੀਸ ਵਿਚ ਲਗਾਉਣ ਦਾ ਠੇਕਾ ਲਿਆ ਗਿਆ ਹੈ ਉਹ ਐਲ.ਈ.ਡੀ. ਲਾਈਟ ਮਾਰਕਿਟ ਵਿਚ ਅੱਠ ਤੋਂ ਨੌ ਸੋ ਰੁਪਏ ਵਿਚ ਆਮ ਮਿਲ ਜਾਂਦੀ ਹੈ ਜੇਕਰ ਥੋਕ ਮੁੱਲ ਵਿਚ ਖਰੀਦੀਆਂ ਜਾਣ ਤਾਂ ਹੋਰ ਵੀ ਘੱਟ ਰੇਟ ਤੇ ਮਿਲ ਸਕਦੀਆਂ ਹਨ। ਇਸ ਤਰ੍ਹਾਂ ਜੋ ਕੰਮ ਪੰਜਾਹ ਤੋਂ ਸੱਠ ਲੱਖ ਰੁਪਏ ਵਿਚ ਹੋ ਸਕਦਾ ਹੈ ਉਸਦਾ ਠੇਕਾ ਤਿੰਨ ਗੁਣਾ ਮਹਿੰਗੇ ਰੇਟ ਤੇ ਕਾਰਪੋਰੇਸ਼ਨ ਵਲੋਂ ਆਪਣੇ ਚਹੇਤੇ ਠੇਕੇਦਾਰ ਨੂੰ ਦੇ ਦਿੱਤਾ ਗਿਆ ਜਿਸ ਨਾਲ ਕਾਰਪੋਰੇਸ਼ਨ ਦੀ ਕਾਰਜ ਪ੍ਰਣਾਲੀ ਉਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹਨ। ਉਹਨਾਂ ਇਹ ਦੋਸ਼ ਵੀ ਲਾਇਆ ਕਿ ਸਟ੍ਰੀਟ ਲਾਈਟਾਂ ਦੀ ਮੁਰੰਮਤ ਲਈ ਕਾਰਪੋਰੇਸ਼ਨ ਫਗਵਾੜਾ ਹਰ ਮਹੀਨੇ ਉਕਤ ਠੇਕੇਦਾਰ ਨੂੰ ਦਸ ਤੋਂ ਬਾਰਾਂ ਲੱਖ ਰੁਪਏ ਦਾ ਭੁਗਤਾਨ ਕਰਦੀ ਹੈ। ਠੇਕੇਦਾਰ ਨੇ ਅੱਧੀ ਕੁ ਦਰਜਨ ਕਰਿੰਦਿਆਂ ਦਾ ਸਟਾਫ ਮੁਰੰਮਤ ਲਈ ਰੱਖਿਆ ਹੋਇਆ ਹੈ। ਜਦੋਂ ਵੀ ਕਿਸੇ ਖਰਾਬ ਸਟਰੀਟ ਲਾਈਟ ਦੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਅਕਸਰ ਬਿਨਾਂ ਸ਼ਿਕਾਇਤ ਦੂਰ ਕੀਤਿਆਂ ਹੀ ਸਿਸਟਮ ਵਿਚ ਓ.ਕੇ. ਕਰ ਦਿੱਤਾ ਜਾਂਦਾ ਹੈ ਜਾਂ ਠੇਕੇਦਾਰ ਦੇ ਕਰਿੰਦੇ ਖਰਾਬ ਲਾਈਟ ਉਤਾਰ ਕੇ ਲੈ ਜਾਂਦੇ ਹਨ ਅਤੇ ਕਈ ਦਿਨਾਂ ਤੱਕ ਸਾਰਾ ਇਲਾਕਾ ਹਨੇਰੇ ਵਿਚ ਡੁੱਬਿਆ ਰਹਿੰਦਾ ਹੈ ਤੇ ਲੋਕ ਬੇਵਜ੍ਹਾ ਪਰੇਸ਼ਾਨ ਹੁੰਦੇ ਹਨ। ਉਹਨਾਂ ਇਕ ਹੋਰ ਘਪਲੇ ਦਾ ਜਿਕਰ ਕਰਦਿਆਂ ਦੱਸਿਆ ਕਿ ਲਾਈਟਾਂ ਦੀ ਮੁਰੰਮਤ ਲਈ ਕਾਰਪੋਰੇਸ਼ਨ ਫਗਵਾੜਾ ਦਾ ਜਿਹੜਾ ਵਹੀਕਲ ਇਸਤੇਮਾਲ ਕੀਤਾ ਜਾਂਦਾ ਹੈ ਉਸਦਾ ਠੇਕੇਦਾਰ ਇਕ ਦਿਨ ਲਈ ਇਕ ਹਜਾਰ ਰੁਪਏ ਭਾੜਾ ਕਾਰਪੋਰੇਸ਼ਨ ਨੂੰ ਅਦਾ ਕਰਦਾ ਹੈ। ਇਹ ਵਾਹਨ ਰੋਜਾਨਾ ਹੀ ਮੁਰੰਮਤ ਦੇ ਨਾਮ ਤੇ ਲੈ ਕੇ ਜਾਇਆ ਜਾਂਦਾ ਹੈ ਪਰ ਅਦਾਇਗੀ ਸਿਰਫ ਦਸ-ਬਾਰਾਂ ਦਿਨ ਦੀ ਹੀ ਕਾਗਜਾਂ ਵਿਚ ਦਰਸਾਈ ਜਾਂਦੀ ਹੈ। ਗੱਡੀ ਦੀ ਮੁਰੰਮਤ ਅਤੇ ਤੇਲ ਦਾ ਖਰਚਾ ਵੀ ਠੇਕੇਦਾਰ ਅਦਾ ਨਹੀ ਕਰਦਾ। ਮੰਡਲ ਭਾਜਪਾ ਪ੍ਰਧਾਨ ਨੇ ਕਿਹਾ ਕਿ ਜੇਕਰ ਕਾਰਪੋਰੇਸ਼ਨ ਮੁਰੰਮਤ ਦਾ ਕੰਮ ਆਪ ਕਰਵਾਏ ਤਾਂ ਜਰੂਰੀ ਸਟਾਫ ਦੀ ਤਨਖਾਹ ਅਤੇ ਮੁਰੰਮਤ ਵਗੈਰਾ ਉਪਰ ਚਾਰ ਤੋਂ ਪੰਜ ਲੱਖ ਰੁਪਏ ਹੀ ਖਰਚ ਹੋਣਗੇ ਅਤੇ ਕਾਰਪੋਰੇਸ਼ਨ ਦਾ ਹਰ ਮਹੀਨੇ ਲੱਖਾਂ ਰੁਪਏ ਦਾ ਖਰਚ ਬਚੇਗਾ। ਉਹਨਾਂ ਕਾਰਪੋਰੇਸ਼ਨ ਦੇ ਖਜਾਨੇ ਵਿਚ ਹੋ ਰਹੀ ਇਸ ਲੁੱਟ-ਖਸੁੱਟ ਲਈ ਸਿੱਧੇ ਤੌਰ ਤੇ ਨਗਰ ਨਿਗਮ ਕਮੀਸ਼ਨਰ ਰਾਜੀਵ ਵਰਮਾ ਨੂੰ ਜਿੰਮੇਵਾਰ ਠਹਿਰਾਇਆ ਅਤ ਕਿਹਾ ਕਿ ਕਮੀਸ਼ਨਰ ਵਰਮਾ ਸ਼ਹਿਰ ਦੇ ਲੋਕਾਂ ਨੂੰ ਇਸ ਖਪਲੇਬਾਜੀ ਦਾ ਜਵਾਬ ਦੇਣ ਕਿਉਂਕਿ ਇਹ ਲੁੱਟ ਅਸਲ ਵਿਚ ਕਾਰਪੋਰੇਸ਼ਨ ਨਾਲ ਨਹੀ ਬਲਕਿ ਸ਼ਹਿਰ ਵਾਸੀਆਂ ਨਾਲ ਹੋ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਦਾ ਸਾਰਾ ਖਰਚਾ ਫਗਵਾੜਾ ਵਾਸੀਆਂ ਵਲੋਂ ਅਦਾ ਕੀਤੇ ਜਾਣ ਵਾਲੇ ਟੈਕਸ ਦੇ ਪੈਸੇ ਨਾਲ ਹੀ ਚੱਲਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਮੰਡਲ ਜਨਰਲ ਸਕੱਤਰ ਪਰਮਿੰਦਰ ਸਿੰਘ ਪੰਮੀ ਵੀ ਮੌਜੂਦ ਸਨ।
ਤਸਵੀਰ ਸਮੇਤ।