ਫਗਵਾੜਾ 22 ਜੁਲਾਈ (ਸ਼ਿਵ ਕੋੜਾ) :ਲਘੂ ਉਦਯੋਗ ਭਾਰਤੀ ਦੀ ਦੂਸਰੀ ਜਨਰਲ ਬਾਡੀ ਮੀਟਿੰਗ ਸਥਾਨਕ ਪੂਨਮ ਹੋਟਲ ਵਿਖੇ ਜੱਥੇਬੰਦੀ ਦੇ ਪ੍ਰਧਾਨ ਅਨਿਲ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਪੂਰਥਲਾ ਤੋਂ ਸਿਵਲ ਸਰਜਨ ਸ੍ਰੀਮਤੀ ਪਰਮਿੰਦਰ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਐਸ.ਐਮ.ਓ. ਫਗਵਾੜਾ ਡਾ. ਲਹਿੰਬਰ ਰਾਮ ਅਤੇ ਨਰਿੰਦਰ ਪਾਲ ਸਿੰਘ ਐਸ.ਈ. ਸੀਵਰੇਜ ਬੋਰਡ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ ਜਦਕਿ ਗੈਸਟ ਆਫ ਓਨਰ ਦੇ ਰੂਪ ਵਿਚ ਸਮਾਜ ਸੇਵਿਕਾ ਸਾਉਦੀ ਸਿੰਘ ਮੌਜੂਦ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਕੋਵਿਡ-19 ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਤੋਂ ਜਿਲ੍ਹਾ ਕਪੂਰਥਲਾ ਬਹੁਤ ਜਲਦੀ ਮੁਕਤ ਹੋ ਜਾਵੇਗਾ। ਕੋਵਿਡ ਵੈਕਸੀਨ ਲਗਾਉਣ ਦਾ ਕੰਮ ਵੀ ਸੁਚੱਜੇ ਢੰਗ ਨਾਲ ਚਲ ਰਿਹਾ ਹੈ। ਉਦਯੋਗਿਕ ਇਕਾਈਆਂ ਵਿਚ ਕੰਮ ਕਰਦੀ ਲੇਬਰ ਅਤੇ ਸਟਾਫ ਦੀ ਸੁਵਿਧਾ ਲਈ ਪ੍ਰਾਥਮਿਕਤਾ ਦੇ ਅਧਾਰ ਤੇ ਕੈਂਪ ਲਗਾਏ ਜਾਣਗੇ। ਉਹਨਾਂ ਜਿਲ੍ਹੇ ਦੇ ਲੋਕਾਂ ਨੂੰ ਤੀਸਰੀ ਲਹਿਰ ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਜਾਰੀ ਕੋਰੋਨਾ ਗਾਈਡ ਲਾਈਨਜ਼ ਦਾ ਪਾਲਣ ਕਰਦੇ ਰਹਿਣ ਅਤੇ ਵੈਕਸੀਨ ਦਾ ਟੀਕਾਕਰਣ ਜਰੂਰ ਕਰਵਾਉਣ ਦੀ ਅਪੀਲ ਕੀਤੀ। ਉਦਯੋਗਪਤੀ ਅਸ਼ੋਕ ਸੇਠੀ ਨੇ ਸੀਵਰੇਜ ਬੋਰਡ ਦੇ ਐਸ.ਆਈ. ਨਰਿੰਦਰ ਪਾਲ ਸਿੰਘ ਨੂੰ ਇੰਡਸਟ੍ਰੀਅਲ ਏਰੀਆ ‘ਚ ਪੇਸ਼ ਆ ਰਹੀ ਸੀਵਰੇਜ ਦੀ ਸਮੱਸਿਆ ਨਾਲ ਜਾਣੂ ਕਰਵਾਇਆ ਜਿਸ ਤੇ ਉਹਨਾਂ ਕਿਹਾ ਕਿ ਇਸ ਸਮੱਸਿਆ ਦਾ ਹਲ ਜਲਦੀ ਕਰਵਾ ਦਿੱਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ.ਐਮ.ਓ. ਡਾ. ਲਹਿੰਬਰ ਰਾਮ ਨੇ ਫਗਵਾੜਾ ਵਾਸੀਆਂ ਅਤੇ ਖਾਸ ਤੌਰ ਤੇ ਇੰਡਸਟ੍ਰੀ ਨੂੰ ਵਧੀਆ ਮੈਡੀਕਲ ਸੁਵਿਧਾਵਾਂ ਦੇਣ ਦਾ ਭਰੋਸਾ ਦਿੱਤਾ। ਅਸ਼ੋਕ ਸੇਠੀ ਵਲੋਂ ਸਮਾਜ ਸੇਵਿਕਾ ਸਾਉਦੀ ਸਿੰਘ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਉਹਨਾਂ ਵਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਵਢਮੁੱਲੇ ਯੋਗਦਾਨ ਬਾਰੇ ਚਾਨਣਾ ਪਾਇਆ। ਸ੍ਰ. ਮੁਖਿੰਦਰ ਸਿੰਘ ਨੇ ਲਘੂ ਉਦਯੋਗ ਭਾਰਤੀ ਦੀ ਮੋਜੂਦਾ ਕਾਰਜਕਾਰਣੀ ਵਲੋਂ ਕੀਤੇ ਕੰਮਾਂ ਅਤੇ ਖਾਸ ਤੌਰ ਤੇ ਪਿਛਲੇ ਦਿਨੀਂ ਬਿਜਲੀ ਕਟੌਤੀ ਨੂੰ ਲੈ ਕੇ ਸੰਘਰਸ਼ ਬਾਰੇ ਵਿਸਥਾਰ ਨਾਲ ਦੱਸਿਆ। ਮੀਟਿੰਗ ਦੌਰਾਨ ਪ੍ਰਮੋਸ਼ਨ ਲਈ ਪੁੱਜੇ ਸੁਸ਼ਮਾ ਬਿਲਡਰਜ਼ ਤੋਂ ਨੇਹਾ ਗੁਪਤਾ ਤੇ ਸ੍ਰੀ ਚਾਵਲਾ ਦਾ ਨਿੱਘਾ ਸਵਾਗਤ ਕੀਤਾ ਗਿਆ। ਅਖੀਰ ਵਿਚ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਮਾਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਗੋਇਲ, ਕਲਾਥ ਮਰਚੈਂਟ ਐਸੋਸੀਏਸ਼ਨ ਬਾਂਸਾਵਾਲਾ ਬਾਜਾਰ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਤੋਂ ਇਲਾਵਾ ਅਸ਼ੋਕ ਗੁਪਤਾ, ਪਵਨ ਕਾਲੜਾ, ਗੌਰਵ ਗੁਪਤਾ, ਅਜੀਤ ਸਿੰਘ ਵਾਲੀਆ, ਮੁਕੇਸ਼ ਗੋਇਲ, ਪੁਨੀਤ ਗੁਪਤਾ, ਜਗਦੀਪ ਚੋਪੜਾ, ਵਿਨੋਦ ਓਹਰੀ, ਓਮ ਉੱਪਲ ਇਕਬਾਲ ਸ਼ਰਮਾ, ਸ਼ੰਕਰ ਧੀਰ ਆਦਿ ਹਾਜਰ ਸਨ।