
ਫਗਵਾੜਾ 27 ਅਗਸਤ (ਸ਼ਿਵ ਕੋੜਾ) ਫਗਵਾੜਾ ਸਬ ਡਵੀਜਨ ਵਿਚ ਕੋਵਿਡ-19 ਕੋਰੋਨਾ ਵਾਇਰਸ ਪੀੜਤਾਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਜਿੱਥੇ ਸ਼ਹਿਰ ਦੇ ਤੰਗ ਮੁਹੱਲਿਆਂ ਅਤੇ ਸੰਘਣੀ ਅਬਾਦੀ ਵਾਲੇ ਇਲਾਕਿਆਂ ਵਿਚ ਕਈ ਕੇਸ ਸਾਹਮਣੇ ਆਏ ਹਨ ਉੱਥੇ ਹੀ ਪੇਂਡੂ ਇਲਾਕਿਆਂ ‘ਚ ਵੀ ਲਗਾਤਾਰ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਹੁਸ਼ਿਆਰਪੁਰ ਰੋਡ ਤੇ ਸਥਿਤ ਪਿੰਡ ਅਮਰੀਕ ਨਗਰੀ ਵਿਖੇ ਬੀਤੇ ਦਿਨ ਕੋਰੋਨਾ ਪਾਜੀਵਿਟ ਕੇਸ ਮਿਲਣ ਤੋਂ ਬਾਅਦ ਸੀ.ਐਚ.ਸੀ. ਪਾਂਸ਼ਟ ਦੀ ਟੀਮ ਨੇ ਡਾ. ਕਾਂਤਾ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਹਰਵਿੰਦਰ ਕੌਰ ਸੀ.ਐਚ.ਓ., ਡਾ. ਮੀਨੂੰ ਸੀ.ਐਚ.ਓ., ਹੈਲਥ ਇੰਸਪੈਕਟਰ ਬਲਿਹਾਰ ਸਿੰਘ ਅਧਾਰਤ ਟੀਮ ਵਲੋਂ ਅੱਜ ਕੈਂਪ ਲਗਾ ਕੇ ਪਿੰਡ ਵਾਸੀਆਂ ਦੇ ਸੈਂਪਲ ਲਏ ਗਏ। ਡਾ. ਸੁਦੇਸ਼ ਕੁਮਾਰ ਨੇ ਲੋੜਵੰਦ ਮਰੀਜਾਂ ਦਾ ਚੈਕਅਪ ਕਰਕੇ ਫਰੀ ਦਵਾਈਆਂ ਵੀ ਦਿੱਤੀਆਂ। ਡਾ. ਹਰਵਿੰਦਰ ਕੌਰ ਤੋਂ ਇਲਾਵਾ ਸਰਪੰਚ ਬੀਬੀ ਸ਼ਿੰਦੋ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਬਚਦੇ ਹੋਏ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਹਨਾਂ ਕੋਰੋਨਾ ਟੈਸਟ ਤੋਂ ਨਾ ਡਰਨ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਸਿਹਤ ਵਿਭਾਗ ਵਲੋਂ ਇਹ ਟੈਸਟ ਬਿਲਕੁਲ ਫਰੀ ਕੀਤੇ ਜਾਂਦੇ ਹਨ। ਇਸ ਮੌਕੇ ਕੁਲਵਿੰਦਰ ਕੌਰ ਏ.ਐਨ.ਐਮ., ਆਸਮਾਂ ਰਾਣੀ ਆਸ਼ਾ ਵਰਕਰ, ਰੂਬੀ ਐਲ.ਟੀ., ਨਰਿੰਦਰ ਪਾਲ, ਪਰਵੀਨ ਕੁਮਾਰੀ, ਕੁਲਵਿੰਦਰ ਕੁਮਾਰ ਆਦਿ ਹਾਜਰ ਸਨ।