ਫਗਵਾੜਾ 02 ਅਕਤੂਬਰ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ:) ਵਲੋਂ ਫਗਵਾੜਾ ਤੋਂ ਪੁਲਿਸ ਲਾਈਨ ਕਪੂਰਥਲਾ ਤਬਦੀਲ ਹੋਏ ਐਸ.ਐਚ.ਓ. ਸਿਟੀ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੂੰ ਨਿੱਘੀ ਵਿਦਾਇਗੀ ਦੇਣ ਅਤੇ ਕਰੋਨਾ ਕਾਲ ਦੌਰਾਨ ਲੋਕ ਹਿੱਤ ਵਿਚ ਦਿੱਤੀਆਂ ਵਧੀਆ ਸੇਵਾਵਾਂ ਲਈ ਉਹਨਾਂ ਦੇ ਸਨਮਾਨ ਵਿਚ ਇਕ ਸਮਾਗਮ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਹੋਟਲ ਹੇਅਰ ਪੈਲੇਸ ਵਿਖੇ ਕਰਵਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਹਾਕੀ ਓਲੰਪੀਅਨ ਸ੍ਰ. ਸੁਰਿੰਦਰ ਸਿੰਘ ਸੋਢੀ (ਸੇਵਾ ਮੁਕਤ ਆਈ.ਜੀ. ਪੰਜਾਬ ਪੁਲਿਸ) ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪੰਜਾਬ ਭਾਜਪਾ ਦੇ ਸਪੋਕਸ ਪਰਸਨ ਅਵਤਾਰ ਸਿੰਘ ਮੰਡ, ਸਾਹਿਤਕਾਰ ਗੁਰਮੀਤ ਸਿੰਘ ਪਲਾਹੀ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿਲ, ਜਿਲਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁਲਰ ਅਤੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਫਤਿਹਗੜ ਹਾਜਰ ਰਹੇ। ਸਨਮਾਨ ਸਮਾਗਮ ਦੌਰਾਨ ਜਿੱਥੇ ਉਂਕਾਰ ਸਿੰਘ ਨੂੰ ਦੋਸ਼ਾਲਾ ਅਤੇ ਸਨਮਾਨ ਪੱਤਰ ਦੇ ਨਾਲ ਸਨਮਾਨ ਚਿੰਨ ਭੇਂਟ ਕੀਤਾ ਗਿਆ, ਉੱਥੇ ਹੀ ਉਹਨਾ ਦੀਆਂ ਫਗਵਾੜਾ ਦੇ ਨਾਗਰਿਕਾਂ ਪ੍ਰਤੀ ਕੀਤੀਆਂ ਬੇਦਾਗ, ਇਮਾਨਦਾਰਨਾ ਸੇਵਾਵਾਂ ਦਾ ਜਿਕਰ ਕਰਦਿਆਂ ਪ੍ਰਮੁੱਖ ਸ਼ਖਸੀਅਤਾਂ ਨੇ ਆਪੋ-ਆਪਣੇ ਵਿਚਾਰ ਰੱਖਦੇ ਹੋਏ ਉਹਨਾਂ ਦੀ ਸ਼ਲਾਘਾ ਕੀਤੀ। ਬੁਲਾਰਿਆਂ ਨੇ ਇੰਸਪੈਕਟਰ ਬਰਾੜ ਨੂੰ ਪੁਲਿਸ ਪ੍ਰਸ਼ਾਸ਼ਨ ਅਤੇ ਲੋਕਾਂ ਦਰਮਿਆਨ ਚੰਗੇ ਸਬੰਧ ਬਣਾਉਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਕੋਵਿਡ-19 ਦੌਰਾਨ ਉਹਨਾ ਨੇ ਲੋੜਵੰਦ ਸ਼ਹਿਰੀਆਂ ਲਈ ਖਾਣੇ ਅਤੇ ਦਵਾਈਆਂ ਦੇ ਪ੍ਰਬੰਧ ਕਰਕੇ ਪੂਰੀ ਸਹਾਇਤਾ ਕੀਤੀ। ਨਾਲ ਹੀ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸੁਖਾਵੀਂ ਬਣਾਈ ਰੱਖਣ ਲਈ ਭਰਪੂਰ ਉਪਰਾਲੇ ਕੀਤੇ। ਸਾਹਿੱਤਕਾਰ ਗੁਰਮੀਤ ਸਿੰਘ ਪਲਾਹੀ ਅਤੇ ਲੈਕਚਰਾਰ ਹਰਜਿੰਦਰ ਗੋਗਨਾ ਨੇ ਉਂਕਾਰ ਸਿੰਘ ਬਰਾੜ ਦੀਆਂ ਪ੍ਰਾਪਤੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਇਸ ਮੌਕੇ ਬੰਟੀ ਵਾਲੀਆ ਸਾਬਕਾ ਕੌਂਸਲਰ, ਖਤਰੀ ਸਭਾ ਦੇ ਪ੍ਰਧਾਨ ਰਮਨ ਨਹਿਰਾ, ਸਮਾਜ ਸੇਵਕ ਸੋਹਨ ਸਿੰਘ ਪਰਮਾਰ, ਬੀ.ਐਚ.ਖਾਨ ਨੇ ਵੀ ਆਪਣੇ ਵਿਚਾਰ ਰੱਖੇ। ਮੁੱਖ ਮਹਿਮਾਨ ਸੁਰਿੰਦਰ ਸਿੰਘ ਸੋਢੀ ਨੇ ਸਭਾ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਵਲੋਂ ਮਿਲੇ ਸਨਮਾਨ ਨਾਲ ਜਿੱਥੇ ਇਮਾਨਦਾਰ ਅਤੇ ਸੇਵਾ ਨੂੰ ਸਮਰਪਿਤ ਪੁਲਿਸ ਅਧਿਕਾਰੀਆਂ ਦੀ ਹੌਸਲਾ ਅਫਜਾਈ ਹੁੰਦੀ ਹੈ ਉੱਥੇ ਹੀ ਹੋਰ ਤਨਦੇਹੀ ਨਾਲ ਸੇਵਾ ਕਰਨ ਦਾ ਜਜਬਾ ਵੀ ਪੈਦਾ ਹੁੰਦਾ ਹੈ। ਉਹਨਾ ਕਿਹਾ ਕਿ ਫਗਵਾੜਾ ਦੇ ਲੋਕਾਂ ਵਲੋਂ ਇੰਸਪੈਕਟਰ ਬਰਾੜ ਨੂੰ ਜੋ ਪਿਆਰ ਅਤੇ ਸਨਮਾਨ ਸਮਾਰੋਹ ਦੌਰਾਨ ਮਿਲ ਰਿਹਾ ਹੈ, ਉਹ ਉਹਨਾ ਦੀ ਲੋਕਾਂ ਪ੍ਰਤੀ ਸਰਵਿਸ ਦੀ ਮੂੰਹ ਬੋਲਦੀ ਤਸਵੀਰ ਹੈ। ਇੰਸਪੈਕਟਰ ਉਂਕਾਰ ਸਿੰਘ ਨੇ ਫਗਵਾੜਾ ਸ਼ਹਿਰ ਦੇ ਸਮੂਹ ਵਸਨੀਕਾਂ, ਸੰਸਥਾਵਾਂ, ਸਿਆਸੀ ਪਾਰਟੀਆਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸ਼ਹਿਰੀਆਂ ਦੇ ਪਿਆਰ ਨੂੰ ਹਮੇਸ਼ਾ ਯਾਦ ਰੱਖਣਗੇ। ਉਹਨਾ ਨੇ ਖ਼ਾਸ ਤੌਰ ‘ਤੇ ਸਰਬ ਨੌਜਵਾਨ ਸਭਾ ਵਲੋਂ ਕੀਤੀ ਕੋਵਿਡ-19 ਦੌਰਾਨ ਲੋਕਾਂ ਦੀ ਸੇਵਾ ਦਾ ਜ਼ਿਕਰ ਕੀਤਾ ਅਤੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਸੁਚੱਜੀ ਅਗਵਾਈ ਹੇਠ ਚਲਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਦੇ ਪ੍ਰੋਜੈਕਟ, ਲੜਕੀਆਂ ਲਈ ਵੋਕੇਸ਼ਨਲ ਸਿੱਖਿਆ ਅਤੇ ਹੋਰ ਪ੍ਰੋਜੈਕਟਾਂ ਦੀ ਖੁੱਲੇ ਦਿਲ ਨਾਲ ਸ਼ਲਾਘਾ ਕੀਤੀ। ਮੰਚ ਸੰਚਾਲਨ ਹਰਜਿੰਦਰ ਗੋਗਨਾ ਲੈਕਚਰਾਰ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਂਕਾਰ ਜਗਦੇਵ, ਕੁਲਬੀਰ ਬਾਵਾ, ਸਾਹਿਬਜੀਤ ਸਾਬੀ, ਪਰਸ ਰਾਮ ਸ਼ਿਵਪੁਰੀ, ਭਾਜਪਾ ਪਾਂਸ਼ਟਾ ਮੰਡਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਚੀਮਾ, ਹਰਵਿੰਦਰ ਸਿੰਘ, ਦਵਿੰਦਰ ਸਿੰਘ, ਨਰਿੰਦਰ ਸੈਣੀ, ਰਾਜੇਸ਼ ਸ਼ਰਮਾ, ਨਛੱਤਰ ਸਿੰਘ, ਗੁਰਦੇਵ ਸਿੰਘ, ਬਲਵੀਰ ਸਿੰਘ ਆਦਿ ਹਾਜਰ ਸਨ।