ਫਗਵਾੜਾ, 19 ਦਸੰਬਰ (ਸ਼ਿਵ ਕੋੜਾ) ਫਗਵਾੜਾ ਸ਼ਹਿਰ ਵਾਸੀਆਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਫਗਵਾੜਾ ਵਿਖੇ ਏਮਜ਼ ਜਾਂ ਪੀਜੀਆਈ ਦੀ ਤਰਜ਼ ਉਤੇ ਅਤਿ-ਅਧੁਨਿਕ ਹਸਪਤਾਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਫਗਵਾੜਾ ਸ਼ਹਿਰ ਆਪਣੇ ਲਾਗਲੇ ਇਲਾਕਿਆਂ ਨਕੌਦਰ, ਬੰਗਾ, ਹੁਸ਼ਿਆਰਪੁਰ, ਫਿਲੌਰ, ਗੁਰਾਇਆ ਆਦਿ ਦੇ ਵਿਚਕਾਰ ਮੁੱਖ ਮਾਰਗ ‘ਤੇ ਸਥਿਤ ਹੈ। ਇਸ ਸ਼ਹਿਰ ਵਿੱਚ ਜਿਥੇ ਮਸ਼ਹੂਰ ਅੰਤਰਰਾਸ਼ਟਰੀ ਮਿੱਲਾਂ ਜੇਸੀਟੀ, ਸ਼ੂਗਰ ਮਿੱਲਜ਼, ਸਟਾਰਚ ਮਿੱਲਾਂ ਹਨ ਉਥੇ ਲਵਲੀ ਯੂਨੀਵਰਸਿਟੀ ਅਤ ਜੀਐਨਏ ਯੂਨੀਵਰਸਿਟੀ ਵੀ ਸਥਿਤ ਹੈ। ਕਿਸੇ ਚੰਗੇ ਅਧੁਨਿਕ ਹਸਪਤਾਲ ਦੀ ਘਾਟ ਕਾਰਨ ਇਥੋਂ ਦੇ ਸ਼ਹਿਰੀ ਸਮੇਂ ਸਿਰ ਚੰਗੀ ਮੈਡੀਕਲ ਸਹੂਲਤ ਨਾ ਮਿਲਣ ਕਾਰਨ ਆਪਣੀਆਂ ਜਾਨਾਂ ਅਣਜਾਈ ਗੁਆ ਰਹੇ ਹਨ, ਜਿਹਨਾਂ ਨੂੰ ਚੰਗੇਰੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਕੇ ਬਚਾਇਆ ਜਾ ਸਕਦਾ ਹੈ। ਫਗਵਾੜਾ ਸ਼ਹਿਰੀਆਂ ਨੇ ਕਮੇਟੀ ਫਾਰ ਐਕਸ਼ਨ ਮਲਟੀ ਸਪੈਸ਼ਲਿਸਟ ਹੌਸਪੀਟਲ ਐਟ ਫਗਵਾੜਾ ਦੀ ਸਥਾਪਨਾ ਕਰਕੇ ਇਸ ਦੀ 13 ਮੈਂਬਰੀ ਬਣਾਈ ਹੈ, ਜਿਸ ਵਿੱਚ ਸ਼ਹਿਰ ਦੇ ਬੁੱਧੀਜੀਵੀ, ਵਕੀਲ, ਡਾਕਟਰ, ਖਿਡਾਰੀ, ਕਾਰੋਬਾਰੀ, ਸਮਾਜ ਸੇਵਕ ਵਿਜੈ ਸ਼ਰਮਾ, ਅਸ਼ੋਕ ਮਹਿਰਾ, ਸੁਖਵਿੰਦਰ ਸਿੰਘ, ਪਰਵਿੰਦਰਜੀਤ ਸਿੰਘ, ਅਸ਼ਵਨੀ ਕੋਹਲੀ, ਪ੍ਰੋ: ਜਸਵੰਤ ਸਿੰਘ ਗੰਡਮ, ਤਰਨਜੀਤ ਸਿੰਘ ਕਿੰਨੜਾ, ਮਲਕੀਅਤ ਸਿੰਘ ਰਗਬੋਤਰਾ, ਰਵਿੰਦਰ ਚੋਟ, ਪੀ.ਆਰ. ਸੌਂਧੀ, ਐਡਵੋਕੇਟ ਐਸ.ਐਲ. ਵਿਰਦੀ, ਡਾ: ਹਰਸ਼ਰਨ ਸਿੰਘ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਸ਼ਾਮਲ ਕੀਤੇ ਗਏ ਹਨ, ਜਿਹਨਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਫਗਵਾੜਾ ਵਿੱਚ ਪੀਜੀਆਈ, ਏਮਜ਼ ਦੀ ਤਰਜ ਉਤੇ ਪੰਜਾਬ ਸਰਕਾਰ ਵਲੋਂ ਮਲਟੀ ਸਪੈਸ਼ਲਿਸਟ ਹਸਪਤਾਲ ਬਣਾਇਆ ਜਾਵੇ। ਪਰ ਜਦੋਂ ਤੱਕ ਇਸ ਸਬੰਧ ਵਿੱਚ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਪੀਜੀਆਈ ਜਾਂ ਏਮਜ਼ ਤੋਂ 24 ਘੰਟੇ ਦੀਆਂ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ, ਕਿਉਂਕਿ ਫਗਵਾੜਾ ਵਾਸੀਆਂ ਨੂੰ ਐਮਰਜੈਂਸੀ ਮੈਡੀਕਲ ਸੇਵਾਵਾਂ ਲੈਣ ਲਈ 30 ਕਿਲੋਮੀਟਰ (ਲਗਭਗ ਇੱਕ ਘੰਟੇ ਦੇ ਸਫ਼ਰ) ਤੱਕ ਕੋਈ ਚੰਗੇਰਾ ਹਸਪਤਾਲ ਨਹੀਂ ਹੈ।