ਫਗਵਾੜਾ :- (ਸ਼ਿਵ ਕੋੜਾ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅੱਜ ਕਲ ਫੁੱਲ ਫੋਰਮ ਵਿਚ ਹਨ ਅਤੇ ਸ਼ਹਿਰ ਦੀ ਦਸ਼ਾ ਤੇ ਦਿਸ਼ਾ ਬਦਲਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਘਰ ਵਿਚ ਹੁੰਦੇ ਹਨ ਤਾਂ ਅਧਿਕਾਰੀਆਂ ਅਤੇ ਹਲਕਾ ਵਾਸੀਆਂ ਨਾਲ ਬੱਸ ਇੱਕ ਗੱਲ ਕਿ ਸ਼ਹਿਰ ਵਿਚ ਕਿਥੇ ਕਮੀ ਪੇਸ਼ੀ ਹੈ,ਕਿਥੇ ਕੰਮ ਹੋਣ ਵਾਲਾ ਹੈ ਅਤੇ ਜੱਦੋ ਸਾਥੀਆਂ ਨਾਲ ਬਾਹਰ ਨਿਕਲਦੇ ਹਨ ਤਾਂ ਬੱਸ ਸ਼ਹਿਰ ਦੀ ਸੜਕਾਂ ਦਾ ਨਿਰਮਾਣ,ਰਿਪੇਅਰ,ਪਿੰਡਾ ਦੀ ਸੜਕਾਂ ਦਾ ਨਿਰਮਾਣ ਅਤੇ ਹੋਰ ਵਿਕਾਸ ਕੰਮਾਂ ਦੇ ਉਦਘਾਟਨ,ਨਾਲ ਹੀ ਚੱਲ ਰਹੇ ਕੰਮ ਦੀ ਦੇਖਰੇਖ ਅਤੇ ਅਧਿਕਾਰੀਆਂ ਪਾਸੋਂ ਕੰਮ ਦੀ ਪ੍ਰੋਗਰੈਸ ਰਿਪੋਰਟ ਲੈਂਦੇ ਰਹਿੰਦੇ ਹਨ। ਆਪਣੇ ਹਲਕੇ ਦੇ ਚਹੁੰ-ਮੁਖੀ ਵਿਕਾਸ ਨੂੰ ਸ਼ਿੱਦਤ ਨਾਲ ਕਰਨ ਦੀ ਇੱਛਾ ਸ਼ਕਤੀ ਰੱਖਣ ਵਾਲੇ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਫਗਵਾੜਾ ਹਲਕੇ ਦਾ ਵਿਕਾਸ ਹੀ ਉਨ੍ਹਾਂ ਦਾ ਉਦੇਸ਼ ਹੈ,ਜਿਸ ਨੂੰ ਲੈ ਕੇ ਉਹ ਰਾਜਨੀਤੀ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਨੂੰ ਇੱਕ ਸੇਵਾ ਅਤੇ ਹਲਕੇ ਨੂੰ ਅਪਣਾ ਪਰਿਵਾਰ ਮਨ ਕੇ ਉਸ ਦੀ ਸੁੱਖ ਸੁਵਿਧਾਵਾਂ ਦਾ ਧਿਆਨ ਰੱਖਣ ਵਿਚ ਉਹ ਦਿਨ ਰਾਤ ਇੱਕ ਕਰਨਾ ਚਾਹੁੰਦੇ ਹਨ ਤਾਂ ਕਿ ਸ਼ਹਿਰ ਦਾ ਕੁੱਝ ਸੁਧਾਰ ਹੋ ਸਕੇ। ਉਹ ਅੱਜ ਫਗਵਾੜਾ ਵਿਚ 69.34 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾ ਰਹੇ ਸਨ। ਧਾਲੀਵਾਲ ਨੇ ਕਿਹਾ ਕਿ ਕੰਮ ਹੋ ਰਿਹਾ ਹੈ ਤਾਂ ਲੋਕ ਮਹਿਸੂਸ ਵੀ ਕਰਨ ਕਿ ਉਨ੍ਹਾਂ ਦਾ ਨੁਮਾਇੰਦਾ ਜਾਗਰੂਕ ਹੈ ਅਤੇ ਪੂਰੀ ਤਰਾਂ ਨਾਲ ਉਨ੍ਹਾਂ ਦੀ ਸੁਵਿਧਾਵਾਂ ਦਾ ਧਿਆਨ ਰੱਖ ਰਿਹਾ ਹੈ। ਧਾਲੀਵਾਲ ਨੇ ਦੱਸਿਆ ਕਿ ਅੱਜ ਵਾਰਡ ਨੰਬਰ 8 ਵਿਚ ਬੰਗਾ ਰੋਡ ਤੇ ਸ਼ਮਸ਼ਾਨਘਾਟ ਵੱਲ ਜਾਂਦੀ ਸੜਕ, ਵਾਰਡ ਨੰਬਰ 22+23 ਵਿਚ ਸ਼ਿਵਪੁਰੀ ਰੋਡ,ਵਾਰਡ ਨੰਬਰ 37 ਵਿਚ ਜੀ ਟੀ ਰੋਡ ਤੋ ਖੇੜਾ ਫਾਟਕ ਤੱਕ ਦੀ ਰੋਡ, ਵਾਰਡ ਨੰਬਰ 32 ਵਿਚ ਚਾਚੋਕੀ ਤੋਂ ਖੇੜਾ ਫਾਟਕ ਤੱਕ ਆਂਦੀ ਰੋਡ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਅਧਿਕਾਰੀਆਂ ਨੂੰ ਕੰਮ ਛੇਤੀ ਪੂਰਾ ਕਰਨ ਅਤੇ ਕਵਾਲਿਟੀ ਵਿਚ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ, ਸਾਬਕਾ ਕੌਂਸਲਰ ਦਵਿੰਦਰ ਸਪਰਾ,ਅਮਰਜੀਤ ਕੁੱਕੀ,ਪਰਮਿੰਦਰ ਕੌਰ ਰਘਬੋਤਰਾ, ਰਿੰਪੀ ਕਿਨੰੜਾ, ਅਵਿਨਾਸ਼ ਗੁਪਤਾ, ਜਗਜੀਵਨ ਸੰਧੀ, ਮਲਕੀਤ ਕੌਰ, ਰਾਣੀ ਪੀਪਾ ਰੰਗੀ,ਸੋਹਣ ਸਿੰਘ,ਸਤਪਾਲ ਮੱਟੂ,ਡਾ.ਕਟਾਰੀਆਂ, ਸੁਖਪਾਲ ਚਾਚੋਕੀ,ਚਮਨ ਲਾਲ,ਤਲਵਿੰਦਰ ਬਿੱਟੂ,ਮੰਗਾ ਸਰਪੰਚ,ਨਰਿੰਦਰ ਠੇਕੇਦਾਰ ਆਦਿ ਮੌਜੂਦ ਸਨ। ਸਾਬਕਾ ਕੌਂਸਲਰਾਂ ਦਵਿੰਦਰ ਸਪਰਾ,ਅਮਰਜੀਤ ਕੁੱਕੀ,ਪਰਮਿੰਦਰ ਕੌਰ ਰਘਬੋਤਰਾ ਨੇ ਉਨ੍ਹਾਂ ਦੇ ਖੇਤਰਾਂ ਵਿਚ ਵਿਕਾਸ ਕੰਮ ਸ਼ੁਰੂ ਕਰਵਾਉਣ ਲਈ ਵਿਧਾਇਕ ਧਾਲੀਵਾਲ ਦਾ ਧੰਨਵਾਦ ਕੀਤਾ।