ਫਿਰੋਜ਼ਪੁਰ : ਫਿਰੋਜ਼ਪੁਰ ‘ਚ ਜ਼ਿੰਦਗੀ ਦੇ ਕਈ ਸਾਲ ਨੌਕਰੀ ਕਰਨ ਵਾਲੇ ਏ.ਐੱਸ.ਆਈ. ਗੁਰਬਖ਼ਸ਼ ਸਿੰਘ (ਉਮਰ ਕਰੀਬ 48 ਸਾਲ) ਦੀ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਕੋਰੋਨਾ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਬਖ਼ਸ਼ ਸਿੰਘ ਪੰਜਾਬ ਪੁਲਸ ਫਿਰੋਜ਼ਪੁਰ ‘ਚ ਲੰਬੇ ਸਮੇਂ ਤੱਕ ਡਿਊਟੀ ਕਰਦੇ ਰਹੇ ਅਤੇ ਕੁਝ ਸਮੇਂ ਪਹਿਲਾਂ ਉਨ੍ਹਾਂ ਦਾ ਤਬਾਦਲਾ ਨਵਾਂਸ਼ਹਿਰ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਬਾਅਦ ਉਨ੍ਹਾਂ ਨੂੰ ਜਗਰਾਓ ‘ਚ ਤਬਦੀਲ ਕਰ ਦਿੱਤਾ ਗਿਆ ਸੀ। ਕੁੱਝ ਦਿਨਾਂ ਤੋਂ ਉਹ ਲੁਧਿਆਣਾ ਦੇ ਇਕ ਹਸਪਤਾਲ ‘ਚ ਦਾਖ਼ਲ ਸਨ ਅਤੇ ਉਨ੍ਹਾਂ ਦਾ ਕੋਰੋਨਾ ਦਾ ਇਲਾਜ ਚੱਲ ਰਿਹਾ ਸੀ। ਬੀਤੀ ਰਾਤ ਗੁਰਬਖ਼ਸ਼ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨੂੰ ਲੈ ਕੇ ਫਿਰੋਜ਼ਪੁਰ ਪੁਲਸ ਦੇ ਕਰਮਚਾਰੀਆਂ ‘ਚ ਸੋਗ ਦੀ ਲਹਿਰ ਹੈ।ਦੱਸ ਦੇਈਏ ਕਿ ਦੇਸ਼ ‘ਚ ਹੁਣ ਤੱਕ ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਦਰਮਿਆਨ ਰਾਹਤ ਭਰੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕਰੀਬ 65 ਹਜ਼ਾਰ ਮਰੀਜ਼ ਇਸ ਇਨਫੈਕਸ਼ਨ ਤੋਂ ਠੀਕ ਹੋਏ ਹਨ, ਜਿਸ ਨਾਲ ਰੋਗ ਮੁਕਤ ਹੋਣ ਵਾਲਿਆਂ ਦੀ ਕੁੱਲ ਗਿਣਤੀ 26.49 ਲੱਖ ਪਹੁੰਚ ਗਈ ਹੈ। ਹਾਲਾਂਕਿ ਇਸ ਦੀ ਤੁਲਨਾ ‘ਚ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਰਗਰਮ ਮਾਮਲੇ 10 ਹਜ਼ਾਰ ਤੋਂ ਜ਼ਿਆਦਾ ਵਧੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 65,050 ਲੋਕਾਂ ਦੇ ਰੋਗ ਮੁਕਤ ਹੋਣ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 26,48,999 ਹੋ ਗਈ ਹੈ। ਇਸ ਦੌਰਾਨ ਇਨਫੈਕਸ਼ਨ ਦੇ 76,472 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 34,63,973 ਹੋ ਗਿਆ।