ਜਲੰਧਰ : ਫੌਜ, ਜ਼ਿਲ੍ਹਾ ਪ੍ਰਸ਼ਾਸਨ ਅਤੇ ਦਿਹਾਤੀ ਪੁਲਿਸ ਦੀ ਸਾਂਝੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਧਰਮੇ ਦੀਆਂ ਛੰਨਾ ਅਤੇ ਮਹਿਤਪੁਰ ਇਲਾਕੇ ਵਿੱਚ 6 ਲੋਕਾਂ ਨੂੰ ਬਚਾਇਆ ਗਿਆ।
ਇਹ ਬਚਾਓ ਅਪਰੇਸ਼ਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕੁਲਵੰਤ ਸਿੰਘ ਅਤੇ ਉਪ ਮੰਡਲ ਮੈਜਿਸਟਰੇਟ ਨਕੋਦਰ ਸ੍ਰੀ ਅਮਿਤ ਕੁਮਾਰ ਪੰਚਾਲ ਦੀ ਦੇਖ ਰੇਖ ਵਿੱਚ ਚਲਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ 42 ਤੈਰਾਕੀ ਮਾਹਰਾਂ ਅਤੇ ਸਟੇਟ ਡਿਜਾਸਟਰ ਰਿਸਪੌਂਸ ਫੰਡ ਨੂੰ ਰੋਪੜ ਹੈਡਵਰਕਸ ਤੋਂ ਐਤਵਾਰ ਨੂੰ 2,23,746 ਕਿਊਸਿਕ ਪਾਣੀ ਛੱਡੇ ਜਾਣ ’ਤੇ ਨਕੋਦਰ ਸਬ ਡਵੀਜ਼ਨ ਵਿਖੇ ਤਾਇਨਾਤ ਕੀਤਾ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਬਚਾਓ ਸੈਂਟਰ ਪਹਿਲਾਂ ਹੀ ਸਬ ਡਵੀਜ਼ਨ ਵਿਖੇ ਸਥਾਪਿਤ ਕੀਤੇ ਜਾ ਚੁੱਕੇ ਹਨ ਜਿਥੇ ਭੋਜਨ ਅਤੇ ਰਿਹਾਇਸ਼ ਦੀ ਸੁਵਿਧਾ ਉਪਲਬੱਧ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਚਾਓ ਸੈਂਟਰਾਂ ਵਿਖੇ ਇਲਾਜ ਲਈ ਮੈਡੀਕਲ ਟੀਮਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮੁਸ਼ਕਿਲ ਦੀ ਘੜੀ ਵਿੱਚ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਵਚਨਬੱਧ ਹੈ।