ਜਲੰਧਰ (20-07-2021) ਬਜੁਰਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਬਜੁਰਗ ਹੈਲਪਲਾਈਨ
(ਐਲਡਰਲੀ ਲਾਈਨ) ਨੰਬਰ 14567 ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪਰਿਵਾਰ ਭਲਾਈ
ਅਫਸਰ-ਕਮ-ਨੋਡਲ ਅਫਸਰ ਐਲਡਰਲੀ ਲਾਈਨ ਡਾ. ਰਮਨ ਗੁਪਤਾ ਨੇ ਕਿਹਾ ਕਿ ਬਜੁਰਗ ਸਾਡੇ ਸਮਾਜ ਦਾ ਸਰਮਾਇਆ ਹਨ
ਇਨ੍ਹਾਂ ਦੀ ਸਾਂਭ-ਸੰਭਾਲ ਅਤੇ ਮੁਸ਼ਕਿਲਾਂ ਦਾ ਹੱਲ ਕਰਨਾ ਸਾਡੀ ਜਿੰਮੇਵਾਰੀ ਹੈ। ਇਸ ਲਈ ਹੁਣ ਜਲੰਧਰ ਜਿਲ੍ਹੇ ਦੇ ਸੀਨੀਅਰ
ਸਿਟੀਜਨਾਂ ਨੂੰ ਤੁਰੰਤ ਮੱਦਦ ਪਹੁੰਚਾਉਣ ਲਈ ਬਜੁਰਗ ਹੇਲਪਲਾਈਨ ਨੰਬਰ-14567 ਸ਼ੁਰੂ ਕੀਤਾ ਗਿਆ ਹੈ। ਇਹ ਨੰਬਰ ਟੋਲ
ਫ੍ਰੀ ਹੈ ਜਿਸ ਉਪਰ ਉਹ ਕਿਸੇ ਵੀ ਸਮੇਂ ਕਾਲ ਕਰਕੇ ਸਮੱਸਿਆ ਦੱਸ ਸਕਦੇ ਹਨ। ਇਨ੍ਹਾਂ ਸ਼ਿਕਾਇਤਾਂ ਦੇ ਹੱਲ ਲਈ ਜਿਲ੍ਹੇ ਵਿੱਚ
ਫੀਲਡ ਰਿਸਪਾਂਸ ਅਫ਼ਸਰ ਤਾਇਨਾਤ ਕੀਤਾ ਗਿਆ ਹੈ।
ਡਾ. ਰਮਨ ਗੁਪਤਾ ਨੇ ਦੱਸਿਆ ਕਿ ਇਸ ਬਜੁਰਗ ਹੇਲਪਲਾਈਨ ਨੰਬਰ ਰਾਂਹੀ ਮਾਨਸਿਕ, ਸਰੀਰਕ ਅਤੇ ਸਮਾਜਿਕ ਤਨਾਓ
ਵਰਗੀਆਂ ਸਮੱਸਿਆਵਾਂ ਨੂੰ ਬਜੁਰਗ ਸਾਂਝਾ ਕਰ ਸਕਦੇ ਹਨ। ਇਸ ਸਬੰਧੀ ਬਣਾਈ ਟੀਮ ਵਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ
ਲਈ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾ ਨੇ ਸਮੂਹ ਪ੍ਰਾਈਵੇਟ ਹਸਪਤਾਲਾਂ ਅਤੇ ਸਰਕਾਰੀ
ਸਿਹਤ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਇਸ ਬਜੁਰਗ ਹੇਲਪਲਾਈਨ ਨੰਬਰ-14567 ਨੂੰ ਡਿਸਪਲੇ ਕੀਤਾ ਜਾਵੇ
ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।