ਬਠਿੰਡਾ -( ਸੁਖਵਿੰਦਰ ਸਿੰਘ )ਬਠਿੰਡਾ ਵਿੱਚ ਅੱਜ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰਨ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬਠਿੰਡਾ ਦੇ ਰਿਹਾਇਸ਼ੀ ਇਲਾਕੇ ਗ੍ਰੀਨ ਸਿਟੀ ਅੰਦਰ ਰਹਿ ਰਹੇ ਇਕ ਵਪਾਰੀ ਦਵਿੰਦਰ ਗਰਗ ਦੁਆਰਾ ਆਪਣੀ ਪਤਨੀ ਅਨੀਤਾ ਗਰਗ ਅਤੇ ਦੋ ਛੋਟੇ ਬੱਚਿਆਂ ਜਿਹਨਾਂ ਦੀ ਉਮਰ ਕਰੀਬ 14 ਸਾਲਾ ਲੜਕਾ ਅਤੇ 10 ਸਾਲਾ ਲੜਕੀ ਨੂੰ ਗੋਲੀਆਂ ਚਲਾ ਕੇ ਖੁਦ ਵੀ ਖ਼ੁਦਖੁਸ਼ੀ ਕਰ ਲਈ। ਦਵਿੰਦਰ ਗਰਗ ਦੁਆਰਾ ਪਹਿਲਾਂ ਆਪਣੇ ਦੋਹੇਂ ਬੱਚੇ ਜੋ ਆਪਣੇ ਕਮਰੇ ਵਿੱਚ ਸਨ ਨੂੰ ਗੋਲੀਆਂ ਮਾਰਕੇ ਖਤਮ ਕਰ ਦਿੱਤਾ ਅਤੇ ਬਾਅਦ ਵਿੱਚ ਪਤਨੀ ਤੇ ਖੁਦ ਉੱਪਰ ਵੀ ਗੋਲੀਆਂ ਚਲਾਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ। ਗੋਲੀਆਂ ਚੱਲਣ ਦੀ ਅਵਾਜ ਸੁਣਕੇ ਆਸਪਾਸ ਘਰਾਂ ਦੇ ਲੋਕ ਸਹਿਮ ਗਏ ਤੇ ਸਾਰੀ ਘਟਨਾ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ ਗਈ। ਜਾਣਕਾਰੀ ਮੁਤਾਬਕ ਉਕਤ ਪਰਿਵਾਰ ਕੁਝ ਕੁ ਸਮਾਂ ਪਹਿਲਾਂ ਹੀ ਇਥੇ ਰਹਿਣ ਲਈ ਸ਼ਿਫਟ ਹੋਇਆ ਸੀ ਅਤੇ ਦਵਿੰਦਰ ਗਰਗ ਨਾਮਕ ਵਪਾਰੀ ਕਿਸੇ ਗੱਲੋਂ ਪ੍ਰੇਸ਼ਾਨ ਵੀ ਚੱਲ ਰਿਹਾ ਸੀ ਜਿਸ ਕਰਕੇ ਉਕਤ ਵਪਾਰੀ ਦੁਆਰਾ ਉਕਤ ਘਟਨਾ ਨੂੰ ਅੰਜਾਮ ਦੇਣ ਦੀ ਗੱਲ ਹੋਣ ਬਾਰੇ ਆਸ਼ੰਕਾਵਾਂ ਜਤਾਈਆਂ ਜਾ ਰਹੀਆਂ ਹਨ। ਫਿਲਹਾਲ ਬਠਿੰਡਾ ਦੇ ਐਸਐਸਪੀ ਵੀ ਪੂਰੀ ਪੁਲਿਸ ਫੋਰਸ ਸਮੇਤ ਮੌਕੇ ਉੱਪਰ ਘਟਨਾ ਦਾ ਜਾਇਜ਼ਾ ਲੈਣ ਲਈ ਪਹੁੰਚੇ ਅਤੇ ਜਾਣਕਾਰੀ ਇਕੱਤਰ ਕੀਤੀ ਗਈ। ਓਥੇ ਹੀ ਖਬਰ ਲਿਖੇ ਜਾਣ ਤੱਕ ਉਕਤ ਘਟਨਾ ਦੇ ਕਾਰਨਾਂ ਬਾਰੇ ਹਲੇ ਕੋਈ ਠੋਸ ਜਾਣਕਾਰੀ ਨਹੀਂ ਪ੍ਰਾਪਤ ਹੋਈ ਹੈ। ਬਠਿੰਡਾ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੁਆਰਾ ਆਪਣੀਆਂ ਐਮਬੂਲੈਂਸਾਂ ਨੂੰ ਘਟਨਾ ਵਾਲੀ ਜਗ੍ਹਾ ਉੱਪਰ ਭੇਜਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਏ ਜਾਣ ਲਈ ਤਿਆਰੀ ਕੀਤੀ ਜਾ ਰਹੀ ਹੈ।