ਫਗਵਾੜਾ 24 ਮਾਰਚ (ਸ਼ਿਵ ਕੋੜਾ) ਫਗਵਾੜਾ ਦੇ ਮੇਨ ਬਾਂਸਾਵਾਲਾ ਬਾਜਾਰ ਦੀ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਇਲਾਕੇ ਭਰ ਦੇ ਦੁਕਾਨਦਾਰਾਂ ਅਤੇ ਬਾਜਾਰ ਵਿਚ ਖਰੀਦਦਾਰੀ ਲਈ ਆਉਣ ਵਾਲੇ ਲੋਕਾਂ ਵਿਚ ਭਾਰੀ ਰੋਸ ਹੈ। ਇਹ ਗੱਲ ਅੱਜ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਇੱਥੇ ਗੱਲਬਾਤ ਦੌਰਾਨ ਕਹੀ। ਉਹਨਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਇਸ ਸੜਕ ਦੀ ਮੁੜ ਉਸਾਰੀ ਦਾ ਉਦਘਾਟਨ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਤੱਕ ਉਸਾਰੀ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਗੁੱਸਾ ਹੈ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਬਾਂਸਾਵਾਲਾ ਬਾਜਾਰ ਸ਼ਹਿਰ ਦਾ ਮੁੱਖ ਬਜਾਰ ਹੈ ਜਿਸਦੀ ਸੜਕ ਦੀ ਉਸਾਰੀ ਪਹਿਲ ਦੇ ਅਧਾਰ ਤੇ ਹੋਣੀ ਚਾਹੀਦੀ ਹੈ ਕਿਉਂਕਿ ਇੱਥੇ ਆਲੇ-ਦੁਆਲੇ ਦੇ ਪਿੰਡਾਂ ਤੋਂ ਇਲਾਵਾ ਐਨ.ਆਰ.ਆਈ. ਵੀ ਵੱਡੀ ਗਿਣਤੀ ਵਿਚ ਖਰੀਦਦਾਰੀ ਲਈ ਆਉਂਦੇ ਹਨ। ਉਹਨਾਂ ਕਾਂਗਰਸ ਪਾਰਟੀ ਅਤੇ ਖਾਸ ਤੌਰ ਤੇ ਹਲਕਾ ਵਿਧਾਇਕ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸ਼ਹਿਰ ਦੇ ਸਾਰੇ ਹੀ ਮੁੱਖ ਬਜਾਰਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਹੈ ਪਰ ਵਿਧਾਇਕ ਅਤੇ ਸਥਾਨਕ ਕਾਂਗਰਸੀ ਆਗੂ ਪਤਾ ਨਹੀਂ ਕਿਸ ਵਿਕਾਸ ਦਾ ਢਿੰਡੋਰਾ ਪਿੱਟ ਰਹੇ ਹਨ। ਉਹਨਾਂ ਕਿਹਾ ਕਿ ਗਉਸ਼ਾਲਾ ਬਾਜਾਰ, ਸਿਨੇਮਾ ਰੋਡ, ਸਰਾਏ ਰੋਡ ਤੋਂ ਲੈ ਕੇ ਬੰਗਾ ਰੋਡ, ਹਰਗੋਬਿੰਦ ਨਗਰ ਰੋਡ ਸਮੇਤ ਸਾਰੀਆਂ ਹੀ ਮੁੱਖ ਸੜਕਾਂ ‘ਚ ਵੱਡੇ-ਵੱਡੇ ਟੋਏ ਪਏ ਹੋਏ ਹਨ ਜਿਸ ਕਰਕੇ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਕਾਰਪੋਰੇਸ਼ਨ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਵਿਧਾਇਕ ਸਮੇਤ ਕਾਂਗਰਸੀ ਆਗੂ ਵਿਕਾਸ ਦੇ ਨਾਮ ਤੇ ਆਪਣੀ ਪਿੱਠ ਠੋਕ ਰਹੇ ਹਨ। ਉਹਨਾਂ ਬਲਵਿੰਦਰ ਸਿੰਘ ਧਾਲੀਵਾਲ ਤੋਂ ਸਵਾਲ ਕੀਤਾ ਕਿ ਵਿਧਾਇਕ ਬਣਨ ਤੋਂ ਬਾਅਦ ਕੋਈ ਇੱਕ ਅਜਿਹਾ ਵਿਕਾਸ ਦਾ ਪ੍ਰੋਜੈਕਟ ਦੱਸਣ ਜੋ ਪੰਜਾਬ ਸਰਕਾਰ ਦੀ ਗ੍ਰਾਂਟ ਨਾਲ ਸ਼ਹਿਰ ਵਿਚ ਲਿਆਂਦਾ ਗਿਆ ਹੋਵੇ। ਕਿਉਂਕਿ ਸ਼ਹਿਰ ਦਾ ਜੋ ਵੀ ਵਿਕਾਸ ਹੋਇਆ ਹੈ ਜਾਂ ਹੁਣ ਵੀ ਹੋ ਰਿਹਾ ਹੈ ਉਹ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਬਦੌਲਤ ਸੈਂਟਰ ਸਰਕਾਰ ਦੇ ਫੰਡ ਨਾਲ ਹੋ ਰਿਹਾ ਹੈ। ਅਰੁਣ ਖੋਸਲਾ ਨੇ ਦਾਅਵੇ ਨਾਲ ਕਿਹਾ ਕਿ ਅਗਲੇ ਸਾਲ ਵਿਧਾਨਸਭਾ ਚੋਣਾਂ ‘ਚ ਫਗਵਾੜਾ ਦੀ ਜਨਤਾ ਵਿਧਾਇਕ ਧਾਲੀਵਾਲ ਨੂੰ ਮੂੰਹ ਨਹੀਂ ਲਗਾਏਗੀ ਅਤੇ ਜਦੋਂ ਵੀ ਫਗਵਾੜਾ ਕਾਰਪੋਰੇਸ਼ਨ ਚੋਣਾਂ ਹੋਣਗੀਆਂ ਤਾਂ ਫਗਵਾੜਾ ਦੇ ਲੋਕ ਕਾਂਗਰਸੀ ਉਮੀਦਵਾਰਾਂ ਦੀ ਹਰ ਵਾਰਡ ਵਿਚ ਜਮਾਨਤ ਜਬਤ ਕਰਾਉਣਗੇ।