ਫਗਵਾੜਾ 29 ਅਕਤੂਬਰ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਸਾਹਨੀ ਵਿਖੇ ਗ੍ਰਾਮ ਪੰਚਾਇਤ ਵਲੋਂ ਬੱਸ ਸਟਾਪ ਨੂੰ ਇੰਟਰਲਾਕ ਟਾਇਲਾਂ ਨਾਲ ਫਰਸ਼ ਪਾ ਕੇ ਸੁੰਦਰ ਦਿੱਖ ਪ੍ਰਦਾਨ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਰਾਮਪਾਲ ਸਾਹਨੀ, ਨੰਬਰਦਾਰ ਦੇਵੀ ਪ੍ਰਕਾਸ਼ ਅਤੇ ਯੂਥ ਆਗੂ ਪਰਮਿੰਦਰ ਸਿੰਘ ਸਨੀ ਨੇ ਦੱਸਿਆ ਕਿ ਬੱਸ ਸਟਾਪ ਦਾ ਫਰਸ਼ ਕਾਫੀ ਖਰਾਬ ਸੀ। ਬੈਠਣ ਲਈ ਵੀ ਵਧੀਆ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੱਸ ਸਟਾਪ ਦੇ ਆਸ-ਪਾਸ ਕੱਚੀ ਜਗਾ ਉਪਰ ਫਰਸ਼ ਲਗਾਇਆ ਜਾਣਾ ਹੈ ਤਾਂ ਜੋ ਬਰਸਾਤ ਵਿਚ ਸਵਾਰੀਆਂ ਨੂੰ ਪੇਸ਼ ਆਉਣ ਵਾਲੀ ਮੁਸ਼ਕਲ ਤੋਂ ਛੁਟਕਾਰਾ ਮਿਲ ਸਕੇ। ਉਹਨਾਂ ਇਹ ਵੀ ਕਿਹਾ ਕਿ ਬੱਸ ਸਟਾਪ ਦੇ ਸੁੰਦਰੀਕਰਣ ਦਾ ਕੰਮ ਪੂਰਾ ਹੋਣ ‘ਤੇ ਇੱਥੇ ਵਾਤਾਵਰਣ ਨੂੰ ਹਰਿਆ-ਭਰਿਆ ਬਨਾਉਣ ਦੇ ਮਕਸਦ ਨਾਲ ਫੁੱਲ ਬੂਟੇ ਵੀ ਲਗਾਏ ਜਾਣਗੇ। ਉਹਨਾਂ ਪਿੰਡ ਦੇ ਸਮੁੱਚੇ ਵਿਕਾਸ ਵਿਚ ਵਢਮੁੱਲਾ ਸਹਿਯੋਗ ਦੇਣ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਪਿੰਡ ਦਾ ਵਿਕਾਸ ਬਿਨਾ ਪੱਖਪਾਤ ਪੂਰੀ ਪਾਰਦਰਸ਼ਿਤਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਚਾਇਤ ਮੈਂਬਰ ਹਰਨੇਕ ਸਿੰਘ, ਮੇਜਰ ਸਿੰਘ, ਜਰਨੈਲ ਸਿੰਘ, ਚੁੰਨੀ ਰਾਮ ਨਿੱਕਾ, ਬੀਬੀ ਪਰਮਜੀਤ ਕੌਰ, ਊਸ਼ਾ ਰਾਣੀ ਤੋਂ ਇਲਾਵਾ ਠੇਕੇਦਾਰ ਜੋਗੀ ਲਾਲ, ਅਮਰੀਕ ਸਿੰਘ, ਸਤਨਾਮ ਸਿੰਘ ਆਦਿ ਹਾਜਰ ਸਨ।