ਫਗਵਾੜਾ 25 ਅਗਸਤ (ਸ਼ਿਵ ਕੋੜਾ) ਬਿਰਧ ਆਸ਼ਰਮ ਸਾਹਨੀ ਦੇ ਪ੍ਰਬੰਧਕਾਂ ਵਲੋਂ ਆਸ਼ਰਮ ਵਿਚ ਲੱਗੇ ਕੂਲਰ, ਇਗਜਾਸਟ ਫੈਨ, ਅਲਮਾਰੀਆਂ ਅਤੇ ਮਰੀਜਾਂ ਦੇ ਲੋਹੇ ਦੇ ਮੈਡੀਕਲ ਬੈਡ ਚੋਰੀ ਛਿੱਪੇ ਵੇਚਣ ਸਬੰਧੀ ਜਾਂਚ ਦੀ ਮੰਗ ਨੂੰ ਲੈ ਕੇ ਅੱਜ ਆਸ਼ਰਮ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਮਾਇਓਪੱਟੀ ਦੀ ਅਗਵਾਈ ਹੇਠ ਇਕ ਵਫਦ ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਨੂੰ ਮਿਲਿਆ ਅਤੇ ਇਸ ਸਬੰਧੀ ਇਕ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਿਪਾਲ ਸਿੰਘ ਮਾਇਓਪੱਟੀ ਨੇ ਦੱਸਿਆ ਕਿ ਪਿਛਲੇ ਦਿਨੀਂ ਆਸ਼ਰਮ ਵਿਚ ਕੋਰੋਨਾ ਦੇ ਕਾਫੀ ਕੇਸ ਸਾਹਮਣੇ ਆਉਣ ਤੋਂ ਬਾਅਦ ਮਰੀਜਾਂ ਅਤੇ ਵਸਨੀਕਾਂ ਨੂੰ ਦੂਸਰੇ ਆਸ਼ਰਮਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਆਸ਼ਰਮ ਖਾਲੀ ਹੋ ਗਿਆ ਸੀ। ਉਹਨਾਂ ਦੋਸ਼ ਲਾਇਆ ਕਿ ਆਸ਼ਰਮ ਦੇ ਮੋਜੂਦਾ ਪ੍ਰਬੰਧਕ ਕਮੇਟੀ ਚੇਅਰਮੈਨ, ਉਪ ਚੇਅਰਮੈਨ, ਪ੍ਰਧਾਨ ਅਤੇ ਖਜਾਨਚੀ ਨੇ ਲਾਲਚ ਵਿਚ ਆ ਕੇ ਆਸ਼ਰਮ ਵਿਚ ਲੱਗੇ 30 ਕੂਲਰ, ਕਰੀਬ 10 ਵੱਡੇ ਇਗਜਾਸਟ ਫੈਨ, ਲਗਭਗ 20 ਜੈਕ ਵਾਲੇ ਮੈਡੀਕਲ ਬੈਡ, ਤਕਰੀਬਨ 8 ਅਲਮਾਰੀਆਂ ਆਪਸੀ ਮਿਲੀਭੁਗਤ ਨਾਲ ਵੇਚ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸ ਸਾਰੇ ਸਮਾਨ ਦੀ ਅੰਦਾਜਣ ਕੀਮਤ ਕਰੀਬ ਅੱਠ ਲੱਖ ਰੁਪਏ ਬਣਦੀ ਹੈ। ਉਹਨਾਂ ਕਿਹਾ ਕਿ ਇਹ ਆਸ਼ਰਮ ਦਾਨ ਵਿਚ ਮਿਲੀ ਜਗ੍ਹਾ ਉੱਪਰ ਬਣਾਇਆ ਗਿਆ ਹੈ ਅਤੇ ਵਰਤੋਂ ਵਿਚ ਆਉਣ ਵਾਲਾ ਸਾਰਾ ਸਮਾਨ ਚੰਦੇ ਦੇ ਪੈਸਿਆਂ ਨਾਲ ਹੀ ਖਰੀਦਿਆ ਗਿਆ ਜੋ ਕਿਸੇ ਦੀ ਨਿਜੀ ਮਲਕੀਅਤ ਨਹੀਂ ਬਲਕਿ ਜਨਤਾ ਦੀ ਅਮਾਨਤ ਹੈ। ਉਹਨਾਂ ਜਾਂਚ ਉਪਰੰਤ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਉਣ ਦੀ ਮੰਗ ਕੀਤੀ ਹੈ। ਮਾਇਓਪੱਟੀ ਨੇ ਦੱਸਿਆ ਕਿ ਇਸ ਦਰਖਾਸਤ ਦੇ ਉਤਾਰੇ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ ਅਤੇ ਡੀ.ਸੀ. ਕਪੂਰਥਲਾ ਨੂੰ ਵੀ ਭੇਜੇ ਗਏ ਹਨ। ਇਸ ਮੌਕੇ ਹਰਨੇਕ ਸਿੰਘ ਪ੍ਰੇਮਪੁਰ ਸਾਬਕਾ ਖਜਾਨਚੀ ਵੀ ਮੌਜੂਦ ਸੀ।