ਫਗਵਾੜਾ 19 ਸਤੰਬਰ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਸ੍ਰ. ਬਲਜਿੰਦਰ ਸਿੰਘ ਠੇਕੇਦਾਰ ਨੇ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਕੇ ਜਿੱਥੇ ਕਿਸਾਨਾ ਦੇ ਦਿਲ ਜਿੱਤ ਲਏ ਅਤੇ ਫੋਕੀ ਸ਼ੋਹਰਤ ਲਈ ਸਿਆਸਤ ਕਰਨ ਵਾਲਿਆਂ ਦੇ ਮੂੰਹ ਬੰਦ ਕਰ ਦਿੱਤੇ ਹਨ ਉੱਥੇ ਹੀ ਸ੍ਰੋਅਦ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਸਾਨਾ ਨਾਲ ਇਕਜੁੱਟਤਾ ਦਰਸਾ ਕੇ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਲੋਕਾਂ ਦੇ ਹਿਤਾਂ ਦੀ ਰਾਖੀ ਕਰਨ ਵਾਲਾ ਯੋਧਾ ਹੋਣ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਬੀਬਾ ਬਾਦਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਕਿਸਾਨਾ, ਮਜਦੂਰਾਂ ਅਤੇ ਪੰਜਾਬੀਆਂ ਦੇ ਹਿਤਾਂ ਦੀ ਰਾਖੀ ਕਰਨ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ। ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਕਿਸਾਨਾ ਦੇ ਹਿਤਾਂ ਸਾਹਮਣੇ ਮੰਤਰੀ ਦਾ ਅਹੁਦਾ ਕੋਈ ਅਹਿਮੀਅਤ ਨਹੀਂ ਰੱਖਦਾ ਇਸ ਲਈ ਅਸਤੀਫਾ ਦੇ ਕੇ ਬੀਬਾ ਹਰਸਿਮਰਤ ਬਾਦਲ ਨੇ ਆਪਣੇ ਆਪ ਨੂੰ ਕਿਸਾਨ ਦੀ ਧੀ ਸਾਬਿਤ ਕੀਤਾ ਹੈ। ਸ੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਲਈ ਜੂਝਦਾ ਰਿਹਾ ਹੈ ਅਤੇ ਅੱਗੇ ਵੀ ਸੰਘਰਸ਼ ਕਰਦਾ ਰਹੇਗਾ। ਇਸ ਮੌਕੇ ਸਾਬਕਾ ਕੌਂਸਲਰ ਬੀਬੀ ਸਰਬਜੀਤ ਕੌਰ, ਮੋਹਨ ਸਿੰਘ ਵਾਹਦ, ਸਵਰੂਪ ਸਿੰਘ ਖਲਵਾੜਾ, ਬਲਬੀਰ ਬਿੱਟੂ, ਗੁਰਿੰਦਰ ਸਿੰਘ ਲਵਲੀ, ਆਜਾਦ ਸਿੰਘ, ਚਮਨ ਲਾਲ, ਬਹਾਦਰ ਸਿੰਘ ਸੰਗਤਪੁਰ, ਗੁਰਮੁਖ ਸਿੰਘ ਚਾਨਾ, ਕੁਲਦੀਪ ਕੁਮਾਰ ਆਦਿ ਹਾਜਰ ਸਨ।