ਰਾਮਪੁਰਾ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧ ਰੱਖਦੇ ਇਕ ਮਾਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਇਕ ਡੇਰਾ ਪ੍ਰੇਮੀ ਦੇ ਪਿਤਾ ਨੂੰ ਅੱਜ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਜ਼ਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈਕਾ ਵਿੱਚ ਵਾਪਰੀ ਇਸ ਘਟਨਾ ਦੌਰਾਨ ਮਾਰੇ ਗਏ ਵਿਅਕਤੀ ਦੀ ਪਹਿਚਾਨ ਡੇਰਾ ਪ੍ਰੇਮੀ ਮਨੋਹਰ ਲਾਲ ਅਰੋੜਾ ਵਜੋਂ ਹੋਈ ਹੈ ਜੋ ਕਿ ਡੇਰਾ ਪ੍ਰੇਮੀ ਜਤਿੰਦਰ ਕੁਮਾਰ ਉਰਫ਼ ਜਿੰਮੀ ਦਾ ਪਿਤਾ ਸੀ। ਬੇਅਦਬੀ ਦੀ ਇਕ ਘਟਨਾ ਵਿੱਚ ਜਿੰਮੀ ਦਾ ਨਾਂਅ ਵੱਜਿਆ ਸੀ।ਸਿਰ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਮਨੋਹਰ ਲਾਲ ਅਰੋੜਾ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਨੂੰ ਵੇਖ਼ਦਿਆਂ ਉਸਨੂੰ ਇਲਾਜ ਲਈ ਬਠਿੰਡਾ ਰੈਫ਼ਰ ਕੀਤਾ ਗਿਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸਦੀ ਮੌਤ ਹੋ ਗਈ।ਅਣਪਛਾਤੇ ਨੌਜਵਾਨ ਘਟਨਾ ਨੂੰ ਅੰਜਾਮ ਦੇਣ ਮਗਰੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।