ਜਲੰਧਰ,4 ਦਿਸੰਬਰ()ਅੱਜ ਦੇਰ ਦਿਨ ਚੜਨ ਤੋ ਪਹਿਲਾਂ ਹੀ ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਗੇਟ ਮੱਲ ਕੇ ਪੁਲਿਸ ਪ੍ਰਬੰਧਾਂ ਉੱਤੇ ਸਵਾਲੀਆ ਚਿੰਨ ਖੜ੍ਹਾ ਕਰ ਦਿੱਤਾ ਅਤੇ ਨਾਲ ਹੀ ਸ੍ਰ ਪ੍ਰਗਟ ਸਿੰਘ ਦਾ ਕੋਠੀ ਤੋ ਬਾਹਰ ਨਿਕਲਣ ਦਾ ਰਸਤਾ ਬੰਦ ਕਰ ਦਿੱਤਾ।ਆਖਿਰ ਬੇਰੁਜ਼ਗਾਰਾਂ ਨੂੰ ਸ੍ਰ ਪ੍ਰਗਟ ਸਿੰਘ ਨੇ ਖੁਦ ਭਰੋਸਾ ਦੇ ਕੇ ਰਾਹ ਖੁਲਵਾਇਆ।
ਬੀਤੇ 3 ਦਿਸੰਬਰ ਨੂੰ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਸੀ। ਪਰ ਬਿਲਕੁਲ ਮੌਕੇ ਤੇ ਬੇਰੁਜ਼ਗਾਰਾਂ ਨੇ। ਸਥਾਨਕ ਬੀ ਐੱਸ ਐੱਫ ਚੌਂਕ ਵਿੱਚ ਲਾਰੇ ਫੂਕ ਕੇ ਪ੍ਰਦਰਸ਼ਨ ਖਤਮ ਕਰ ਦਿੱਤਾ ਸੀ।ਪ੍ਰਸ਼ਾਸ਼ਨ ਵੱਲੋਂ 5 ਦਿਸੰਬਰ ਨੂੰ ਸਿੱਖਿਆ ਮੰਤਰੀ ਨਾਲ ਸਥਾਨਕ ਕੋਠੀ ਵਿਚ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ।ਪ੍ਰੰਤੂ ਬੇਰੁਜ਼ਗਾਰਾਂ ਨੇ ਅੱਜ ਦਿਨ ਚੜਨ ਤੋਂ ਪਹਿਲਾਂ ਹੀ ਮੂੰਹ ਹਨੇਰੇ ਦੱਬੇ ਪੈਰੀਂ ਕੋਠੀ ਅੱਗੇ ਪਹੁੰਚ ਕੇ ਨਾਹਰੇਬਾਜੀ ਸ਼ੁਰੂ ਕਰ ਦਿੱਤੀ।ਜਿਸਦਾ ਕਿ ਪ੍ਰਸ਼ਾਸ਼ਨ ਨੂੰ ਕਿਆਸ ਤੱਕ ਨਹੀਂ ਸੀ।ਘਬਰਾਏ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਬੇਰੁਜ਼ਗਾਰ ਆਗੂਆਂ ਨਾਲ ਧੱਕਾਮੁੱਕੀ ਕਰਕੇ ਮੋਬਾਈਲ ਫੋਨ ਖੋਹਣ ਤੱਕ ਦੀ ਕੋਸ਼ਿਸ਼ ਕੀਤੀ ਗਈ।ਆਖਿਰ ਲੰਬੀ ਜੱਦੋ ਜਹਿਦ ਮਗਰੋਂ ਸਿੱਖਿਆ ਮੰਤਰੀ ਨੇ ਬੇਰੁਜ਼ਗਾਰ ਆਗੂਆਂ ਮੀਤ ਪ੍ਰਧਾਨ ਅਮਨ ਸੇਖਾ,ਸੰਦੀਪ ਗਿੱਲ,ਗਗਨਦੀਪ ਕੌਰ, ਰਸ਼ਪਾਲ ਸਿੰਘ,ਹਰਜਿੰਦਰ ਕੌਰ ਗੋਲੀ,ਬਲਕਾਰ ਸਿੰਘ ਮਾਘਾਨੀਆ ਅਤੇ ਅਮਨਦੀਪ ਕੌਰ ਬਠਿੰਡਾ ਨੂੰ ਦਫਤਰ ਵਿੱਚ ਬੁਲਾ ਕਿ ਭਰੋਸੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਗੱਲ ਨਾ ਬਣਦੀ ਵੇਖ ਖੁਦ ਪ੍ਰਗਟ ਸਿੰਘ ਨੇ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਕੇ 10 ਦਿਸੰਬਰ ਤੱਕ ਪ੍ਰਵਾਨਤ 10880 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ । ਉਹਨਾਂ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਦੀ ਪੂਰਨ ਜਾਣਕਾਰੀ ਲਈ ਜਲਦੀ ਹੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।
ਜਿਸ ਉਪਰੰਤ ਬੇਰੁਜ਼ਗਾਰਾਂ ਨੇ ਕੋਠੀ ਦੇ ਗੇਟ ਤੋਂ ਚਲਦਾ ਧਰਨਾ ਸਮਾਪਤ ਕਰਕੇ ਮੰਗਾਂ ਦੀ ਪੂਰਤੀ ਤੱਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਅਤੇ ਹੇਠਾਂ ਚੱਲ ਰਹੇ ਪੱਕੇ ਮੋਰਚੇ ਨੂੰ ਜਿਉ ਦੀ ਤਿਉਂ ਜਾਰੀ ਰੱਖਣ ਦਾ ਐਲਾਨ ਕੀਤਾ।
ਬੇਰੁਜ਼ਗਾਰ ਆਗੂਆਂ ਨੇ ਕਾਂਗਰਸ ਸਰਕਾਰ ਉੱਤੇ ਆ ਘਰ ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਤੋਂ ਮੁਕਰਨ ਦੇ ਦੋਸ਼ ਲਗਾਉਂਦਿਆਂ ਆਉਂਦੀਆਂ ਚੋਣਾਂ ਵਿੱਚ ਜ਼ਬਰਦਸਤ ਵਿਰੋਧ ਦੀ ਚਿਤਾਵਨੀ ਦਿੱਤੀ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਨੂੰ 37 ਦਿਨ ਹੋ ਚੁੱਕੇ ਹਨ ਟੈਂਕੀ ਉੱਤੇ ਬੈਠਿਆਂ ਨੂੰ ਪ੍ਰੰਤੂ ਸਰਕਾਰ ਵਲੋਂ ਬੇਰੁੱਖੀ ਧਾਰੀ ਬੈਠੀ ਹੈ।ਓਹਨਾ ਕਾਂਗਰਸ ਦੇ ਜ਼ਬਰ ਖਿਲਾਫ ਲੋਕ ਰੋਹ ਉੱਠਣ ਦੀ ਗੱਲ ਆਖੀ।
ਇਸ ਮੌਕੇ ਬਲਰਾਜ ਸਿੰਘ ਫਰੀਦਕੋਟ,ਬਰਜਿੰਦਰ ਗਿਲਜੇਵਾਲਾ,ਰਸਨਦੀਪ ਸਿੰਘ ਰਿੰਕਾ ਝਾੜੋਂ,ਜਗਸੀਰ ਬਰਨਾਲਾ,ਗੁਰਪਰੀਤ ਸਿੰਘ ਖੇੜੀ ਕਲਾਂ,ਕੁਲਵੰਤ ਸਿੰਘ ਲੌਂਗੋਵਾਲ, ਹਰਦੀਪ ਕੌਰ ਭਦੌੜ, ਜਗਤਾਰ ਸਿੰਘ, ਗੁਰਜੀਤ ਕੌਰ ਸੰਗਰੂਰ,ਮਲਿਕਪ੍ਰੀਤ ਮਾਲੇਰਕੋਟਲਾ, ਹਰਦੀਪ ਕੌਰ ਮਾਲੇਰਕੋਟਲਾ, ਨਿਸ਼ੂ ਫਾਜ਼ਿਲਕਾ, ਗੁਰਸ਼ਰਨ ਕੌਰ ਅਨੰਦਪੁਰ ਸਾਹਿਬ
ਆਦਿ ਹਾਜ਼ਰ ਸਨ।