ਜਲੰਧਰ,26 ਦਸੰਬਰ()ਪੰਜਾਬ ਕਾਂਗਰਸ ਦਾ ਘਰ ਘਰ ਰੁਜ਼ਗਾਰ ਚੋਣ ਵਾਅਦਾ ਵੀ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ।ਜਿਸਦੀ ਚਰਚਾ ਅਕਸਰ ਹੀ ਹੁੰਦੀ ਹੈ।ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਨੂੰ ਦੋ ਮਹੀਨੇ ਪੂਰੇ ਹੋਣ ਉੱਤੇ ਵੀ ਸਰਕਾਰ ਵੱਲੋਂ ਮਾਸਟਰ ਕੇਡਰ ਦੀ ਭਰਤੀ ਸਬੰਧੀ ਕੋਈ ਇਸਤਿਹਾਰ ਜਾਰੀ ਨਹੀਂ ਕੀਤਾ ਗਿਆ,ਉੱਤੋ ਕੜਾਕੇ ਦੀ ਠੰਡ ਵਿੱਚ ਬੇਰੁਜ਼ਗਾਰਾਂ ਦੀ ਹਾਲਤ ਬਦਤਰ ਹੋ ਰਹੀ ਹੈ। ਇਸ ਅਣਦੇਖੀ ਤੋਂ ਖਫਾ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਵਿੱਚ ਕਾਂਗਰਸ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਭੰਡੀ ਪ੍ਰਚਾਰ ਕਰਨਗੇ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਘਰ ਘਰ ਰੁਜ਼ਗਾਰ ਦਾ ਚੋਣ ਵਾਅਦਾ ਕਰਕੇ ਰੁਜ਼ਗਾਰ ਦੇਣਾ ਇਕ ਪਾਸੇ ਰਿਹਾ ਸਗੋ ਪਿਛਲੇ ਸਮੇਂ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਲੱਚਰ ਗਾਲਾਂ ਦਿੱਤੀਆਂ ਅਤੇ ਹੁਣ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਵਿਸੇਸ ਸੁਰੱਖਿਆ ਲਈ ਤਾਇਨਾਤ ਉੱਚ ਪੁਲਸ ਅਧਿਕਾਰੀ ਗੁਰਮੀਤ ਸਿੰਘ ਸੋਹਲ ਨੇ ਭਿਆਨਕ ਲਾਠੀਚਾਰਜ ਕੀਤਾ ਹੈ।ਇੱਧਰ ਅਨੇਕਾਂ ਵਾਰ ਮੀਟਿੰਗਾਂ ਕਰਕੇ ਵੀ ਸ੍ਰ ਪ੍ਰਗਟ ਸਿੰਘ ਨੇ ਅਜੇ ਤੱਕ ਮਾਸਟਰ ਕੇਡਰ ਦੀਆਂ ਅਸਾਮੀਆਂ ਦੀ ਭਰਤੀ ਲਈ ਕੋਈ ਵੀ ਵਿਸ਼ਾ ਵਾਰ ਸੂਚੀ ਜਾਰੀ ਨਹੀਂ ਕੀਤੀ।ਬੇਰੁਜ਼ਗਾਰਾਂ ਦੀ ਮੰਗ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਦੀ ਬਜਾਏ ਕੁੱਲ 4185 ਮਾਮੂਲੀ ਅਸਾਮੀਆਂ ਦਾ ਮਹਿਜ਼ ਐਲਾਨ ਕੀਤਾ ਹੈ।

ਓਹਨਾਂ ਕਿਹਾ ਕਿ ਬੇਰੁਜ਼ਗਾਰ ਮੰਤਰੀ ਦੇ ਹਲਕੇ ਅੰਦਰ ਦੋ ਰੋਜ਼ਾ ਭੰਡੀ ਪ੍ਰਚਾਰ ਕਰਨਗੇ।

ਇਸ ਮੌਕੇ ਅਮਨ ਸੇਖਾ,ਸੰਦੀਪ ਗਿੱਲ, ਗਗਨਦੀਪ ਕੌਰ,ਬਲਰਾਜ ਫਰੀਦਕੋਟ, ਗੁਰਪਰੀਤ ਸਿੰਘ ਬਠਿੰਡਾ,ਬਲਕਾਰ ਸਿੰਘ ਮਾਨਸਾ,ਕੁਲਵੰਤ ਲੋਂਗੋਵਾਲ,ਸੁਰਿੰਦਰ ਮਾਨਸਾ,ਰਛਪਾਲ ਸਿੰਘ ਜਲਾਲਾਬਾਦ, ਹਰਪ੍ਰੀਤ ਸਿੰਘ ਹੈਪੀ ਫਿਰੋਜ਼ਪੁਰ ਅਤੇ ਲਖਵਿੰਦਰ ਸਿੰਘ ਮੁਕਤਸਰ ਆਦਿ ਹਾਜ਼ਰ ਸਨ।