ਜਲੰਧਰ,6 ਫਰਵਰੀ

ਬੱਚੀਆਂ ਪ੍ਰਤੀ ਪਰਿਵਾਰ ਅਤੇ ਸਮਾਜ ਦੇ ਰਵੱਈਏ ਨੂੰ ਬਿਹਤਰ ਬਣਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਅਧੀਨ ਅੱਜ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿਸ ਤਹਿਤ ਸ਼ਹਿਰ ਵਿੱਚ ਧੀਆਂ ਦੇ ਜਨਮ ‘ਤੇ ਪਰਿਵਾਰ ਨੂੰ ਮੁਬਾਰਕਬਾਦ ਅਤੇ ਨਵ-ਜਨਮੀ ਬੱਚੀ ਨੂੰ ਅਸੀਸਾਂ ਦੇਣ ਲਈ ਟਰਾਂਸ ਜੈਂਡਰਸ ਦੀ ਇੱਕ ਟੀਮ ਬਣਾਈ ਗਈ।
ਅੱਜ ਇਹ ਟੀਮ ਵੱਲੋਂ ਜਲੰਧਰ ਦੇ ਰਸੀਲਾ ਨਗਰ ਵਿਖੇ ਪੁੱਜੀ, ਜਿਥੇ ਐਸ.ਡੀ.ਐਮ. ਸ੍ਰੀ ਰਾਹੁਲ ਸਿੰਧੂ ਦੀ ਅਗਵਾਈ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ,ਜਲੰਧਰ ਤੋਂ ਡੀ.ਪੀ.ਓ.ਗੁਰਮਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ
“ਵਧਾਈਆਂ ਜੀ, ਧੀ ਹੋਈ ਹੈ“ ਕਰਵਾਇਆ ਗਿਆ। ਇਸ ਮੌਕੇ ਟੀਮ ਵੱਲੋਂ ਪਰਿਵਾਰ ਵਾਲਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਬੱਚੀ ਨੂੰ ਅਸੀਸਾਂ ਦਿੰਦੇ ਹੋਏ ਪੜ੍ਹ-ਲਿਖ ਕੇ ਵੱਡੀ ਅਫ਼ਸਰ ਬਣਨ ਦਾ ਆਸ਼ੀਰਵਾਦ ਦਿੱਤਾ ਗਿਆਇਸ ਮੌਕੇ ਐਸ.ਡੀ.ਐਮ. ਸ੍ਰੀ ਰਾਹੁਲ ਸਿੰਧੂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਨੂੰ ਲੜਕੀਆਂ ਪ੍ਰਤੀ ਆਪਣੀ ਸੋਚ ਬਦਲਣ ਲਈ ਜਾਗਰੂਕ ਕਰਨ ਵਾਸਤੇ ਇਹ ਵਿਸ਼ੇਸ਼ ਟੀਮ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਆਮ ਕਰ ਕੇ ਪੁੱਤਰ ਦੇ ਜਨਮ ਅਤੇ ਵਿਆਹ ਵੇਲੇ ਹੀ ਟਰਾਂਸ ਜੈਂਡਰਸ ਵਧਾਈ ਲੈਣ ਆਉਂਦੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਵਿਸ਼ੇਸ਼ ਟੀਮ, ਜਿਨ੍ਹਾਂ ਘਰਾਂ ਵਿੱਚ ਬੇਟੀ ਹੋਈ ਹੋਵੇ, ਉਥੇ ਜਾਂਦੀ ਹੈ ਅਤੇ ਨਵ ਜਨਮੀ ਬੱਚੀ ਦੇ ਸ਼ਗਨ ਮਨਾ ਕੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਅਤੇ ਬੱਚੀ ਨੂੰ ਤੋਹਫ਼ੇ ਦੇ ਕੇ ਆਉਂਦੀ ਹੈ। ਇਸ ਦੇ ਨਾਲ ਹੀ ਪਰਿਵਾਰ ਅਤੇ ਆਸ-ਪਾਸ ਦੇ ਘਰਾਂ ਦੇ ਲੋਕਾਂ ਨੂੰ ਵੀ ਧੀਆਂ ਪ੍ਰਤੀ ਆਪਣੀ ਸੋਚ ਬਦਲਣ ਲਈ ਪ੍ਰੇਰਿਤ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਇਸ ਟੀਮ ਨੂੰ ਰਮਨਪ੍ਰੀਤ ਕੌਰ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪੂਜਾ, ਪੰਮੀ, ਪੂਜਾ ਰਾਣੀ, ਰੂਬੀ, ਮੋਨਾ, ਪਰੀ, ਸੋਫੀਆ ਸ਼ਾਮਿਲ ਹਨ।ਇਸ ਮੌਕੇ ਕੌਂਸਲਰ ਕਮਲਜੀਤ ਸਿੰਘ ਭਾਟੀਆ, ਅਮਰੀਕ ਸਿੰਘ, ਸੀ.ਡੀ.ਪੀ.ਓ. ਅਤੇ ਵਿਭਾਗ ਦੇ ਹੋਰ ਵੀ ਮੌਜੂਦ ਸਨ ।