ਫਗਵਾੜਾ 31 ਅਕਤੂਬਰ (ਸ਼ਿਵ ਕੋੜਾ) ਪੰਜਾਬ ਸਰਕਾਰ ਵਲੋਂ ਭਗਵਾਨ ਵਾਲਮੀਕਿ ਜੀ ਦੀ ਜਯੰਤੀ ਮੌਕੇ ਅੰਮ੍ਰਿਤਸਰ ਦੇ ਭਗਵਾਨ ਵਾਲਮੀਕਿ ਤੀਰਥ ਆਸ਼ਰਮ ਵਿਖੇ ਆਯੋਜਿਤ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤਾ ਗਿਆ ਸੰਦੇਸ਼ ਫਗਵਾੜਾ ਬਲਾਕ ਦੇ ਪਿੰਡ ਢੱਕ ਪੰਡੋਰੀ ਸਥਿਤ ਸਰਕਾਰੀ ਹਾਈ ਸਕੂਲ ਵਿਖੇ ਬੀ.ਡੀ.ਪੀ.ਓ. ਸੁਖਦੇਵ ਸਿੰਘ ਦੀ ਅਗਵਾਈ ਅਤੇ ਪੰਚਾਇਤ ਸੱਕਤਰ ਮਲਕੀਤ ਚੰਦ ਤੇ ਪੰਚਾਇਤ ਅਫਸਰ ਸੰਤੋਖ ਸਿੰਘ ਦੀ ਦੇਖਰੇਖ ਹੇਠ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਿੱਧੇ ਪ੍ਰਸਾਰਣ ਵਜੋਂ ਐਲ.ਈ.ਡੀ. ਸਕ੍ਰੀਨ ਲਗਾ ਕੇ ਦਿਖਾਇਆ ਗਿਆ। ਇਸ ਮੌਕੇ ਮਾਰਕਿਟ ਕਮੇਟੀ ਫਗਵਾੜਾ ਦੇ ਉਪ ਚੇਅਰਮੈਨ ਜਗਜੀਵਨ ਲਾਲ ਲੱਡੂ ਸਰਪੰਚ ਖਲਵਾੜਾ ਕਲੋਨੀ ਅਤੇ ਬਲਾਕ ਸੰਮਤੀ ਮੈਂਬਰ ਰੂਪ ਲਾਲ ਢੱਕ ਪੰਡੋਰੀ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਵਿਡ-19 ਕੋਰੋਨਾ ਮਹਾਮਾਰੀ ਕਾਰਨ ਜਿਆਦਾ ਗਿਣਤੀ ਵਿਚ ਸੰਗਤਾਂ ਦਾ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਪਹੁੰਚਣਾ ਮੁਸ਼ਕਲ ਸੀ ਜਿਸ ਕਰਕੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਸਮੂਹ ਹਾਜਰੀਨ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਅਤੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਸਰਪੰਚ ਬੀਬੀ ਸੁਰਜੀਤ ਕੌਰ, ਸਕੂਲ ਇੰਚਾਰਜ ਯਾਦਵਿੰਦਰ ਸਿੰਘ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਪਿੰਡ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।