ਨਵੀਂ ਦਿੱਲੀ :- ਬੈਂਕਾਂ ਨਾਲ ਲੋਨ ਨੂੰ ਲੈ ਕੇ ਡਿਫਾਲਟਰ ਹੋਏ ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ ਵਿਜੇ ਮਾਲਿਆ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਅਦਾਲਤ ਦੀ ਮਾਣਹਾਨੀ ਮਾਮਲੇ ‘ਚ ਮਾਲਿਆ ਦੀ ਪੁਨਰ ਸਮੀਖਿਆ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਸਾਲ 2017 ਦੇ ਫ਼ੈਸਲੇ ‘ਤੇ ਪੁਨਰ ਸਮੀਖਿਆ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਮਾਲਿਆ ਨੇ ਅਦਾਲਤ ਦੇ ਇੱਕ ਹੁਕਮ ਦੀ ਉਲੰਘਣਾ ਕਰਦਿਆਂ 4 ਕਰੋੜ ਅਮਰੀਕੀ ਡਾਲਰ ਆਪਣੇ ਬੱਚਿਆਂ ਦੇ ਨਾਂ ਟਰਾਂਸਫ਼ਰ (ਤਬਦੀਲ) ਕਰ ਦਿੱਤੇ ਸਨ, ਜਿਸ ‘ਤੇ ਸੁਪਰੀਮ ਕੋਰਟ ਨੇ ਮਈ 2017 ‘ਚ ਉਸ ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਸੀ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਮਾਲਿਆ ਨੇ ਅਦਾਲਤ ‘ਚ ਪੁਨਰ ਸਮੀਖਿਆ ਪਟੀਸ਼ਨ ਦਾਇਰ ਕਰਾਈ ਸੀ, ਜਿਸ ‘ਤੇ ਜਸਟਿਸ ਯੂ. ਯੂ. ਲਲਿਤ ਅਤੇ ਅਸ਼ੋਕ ਭੂਸ਼ਨ ਦੇ ਬੈਂਚ ਨੇ ਬੀਤੀ 27 ਅਗਸਤ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੁਣਵਾਈ ਕਰਨ ਤੋਂ ਬਾਅਦ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।