ਚੰਡੀਗੜ੍ਹ, 22 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੂੰ ਦੁਆਬਾ ਖੇਤਰ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਦਲਿਤ ਆਗੂ, ਭਾਜਪਾ ਦੇ ਵਰਕਿੰਗ ਕਮੇਟੀ ਮੈਂਬਰ ਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪਾਰਟੀ ਵਿਚ ਆਉਣ ’ਤੇ ਦਲਿਤ ਆਗੂ ਦਾ ਸਵਾਗਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਤ ਦੇ ਪਾਰਟੀ ਵਿਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗਾ। ਉਹਨਾਂ ਕਿਹਾ ਕਿ ਭਗਤ ਦਾ ਭਗਤ ਭਾਈਚਾਰੇ ਖਾਸ ਤੌਰ ’ਤੇ ਜਲੰਧਰ ਪੱਛਮੀ ਹਲਕੇ ਜਿਥੋਂ ਅਕਾਲੀ ਦਲ-ਭਾਜਪਾ ਗਠਜੋੜ ਵੇਲੇ ਭਾਜਪਾ ਚੋਣ ਲੜਦੀ ਸੀ, ਵਿਚ ਵੱਡਾ ਪ੍ਰਭਾਵ ਹੈ। ਉਹਨਾਂ ਕਿਹਾ ਕਿ ਅਸੀਂ ਭਗਤ ਨੂੰ ਬਣਦਾ ਮਾਣ ਤੇ ਸਤਿਕਾਰ ਦਿਆਂਗੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਮਤੀ ਭਗਤ ਨੇ ਕਿਹਾ ਕਿ ਜਦੋਂ ਉਹਨਾਂ ਵੇਖਿਆ ਕਿ ਭਾਜਪਾ ਦਲਿਤਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਕਰ ਰਹੀ ਤੇ ਸਿਰਫ ਗੱਲਾਂ ਹੀ ਕਰ ਰਹੀ ਹੈ ਤੇ ਇਸ ਕੋਲ ਉਹਨਾਂ ਦੀ ਦਸ਼ਾ ਸੁਧਾਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਤਾਂ ਉਹਨਾਂ ਦਾ ਮਨ ਭਾਜਪਾ ਤੋਂ ਖੱਟਾ ਹੋ ਗਿਆ। ਉਹਨਾਂ ਨੇ ਭਾਜਪਾ ਵਿਚ ਲੋਕਤੰਤਰ ਦੀ ਘਾਟ ਦੀ ਵੀ ਨਿਖੇਧੀ ਕੀਤੀ ਤੇ ਹੈਰਾਨੀ ਪ੍ਰਗਟ ਕੀਤੀ ਕਿ ਕਿਸ ਤਰੀਕੇ ਇਸਨੇ ਤਿੰਨ ਖੇਤੀਬਾੜੀ ਮੰਡੀਕਰਣ ਕਾਨੂੰਨ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ। ਭਗਤ ਨੇ ਕਿਹਾ ਕਿ ਸਾਰਾ ਭਗਤ ਭਾਈਚਾਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਤਿਕਾਰ ਕਰਦਾ ਹੈ ਜਿਹਨਾਂ ਨੇ ‘ਗਊ ਮਾਤਾ’ ਦੀ ਰੱਖਿਆ ਕਰਨ ਵਾਸਤੇ ਤੇ ਗਊਸ਼ਾਲਾਵਾਂ ਬਣਾਉਣ ਵਾਸਤੇ ਕਈ ਕਾਨੂੰਨ ਬਣਾਏ। ਉਹਨਾਂ ਕਿਹਾ ਕਿ ਮੈਂ ਅੱਜ ਭਗਤ ਭਾਈਚਾਰੇ ਦੀਆਂ ਭਾਵਨਾਵਾਂ ਅਨੁਸਾਰ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਿਹਾ ਹਾਂ।