ਚੰਡੀਗੜ੍ਹ,-ਭਾਰਤ ਚੋਣ ਕਮਿਸ਼ਨ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਲਈ ਚੋਣਾਂ ਦੌਰਾਨ ਖਰਚ ਕਰਨ ਦੀ ਲਿਮਟ ਵਿਚ 10 ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ ‌।ਇਹ ਖ਼ਰਚ ਸਬੰਧੀ ਵਾਧਾ ਮੋਜੂਦਾ ਸਮੇਂ ਹੈ ਰਹੀਆਂ ਚੋਣਾਂ ਵਿੱਚ ਲਾਗੂ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਕਮਿਸ਼ਨ ਵਲੋਂ ਇਕ ਦੋ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਗਈ ਹੈ।ਡਾ. ਰਾਜੂ ਨੇ ਦੱਸਿਆ ਕਿ ਹੁਣ ਪੰਜਾਬ ਰਾਜ ਵਿਚ ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰ 70 ਲੱਖ ਰੁਪਏ ਦੀ ਥਾਂ 77 ਲੱਖ ਰੁਪਏ ਖਰਚ ਕਰ ਸਕਣਗੇ ਜਦਕਿ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰ 28 ਲੱਖ ਰੁਪਏ ਦੀ ਥਾਂ 30.80 ਲੱਖ ਰੁਪਏ ਖਰਚ ਕਰ ਸਕਣਗੇ।ਉਹਨਾਂ ਦੱਸਿਆ ਕਿ ਸ੍ਰੀ ਹਰੀਸ਼ ਕੁਮਾਰ ਸਾਬਕਾ ਆਈ.ਆਰ.ਐਸ. ਅਤੇ ਡੀ.ਜੀ. ਇਨਵੈਸਟਿਗੇਸ਼ਨ, ਸ੍ਰੀ ਉਮੇਸ਼ ਸਿਨਹਾ, ਸਕੱਤਰ ਜਨਰਲ ਅਤੇ ਡੀ. ਜੀ. ਐਕਸਪੇਨਡਿਚਰ ‘ਤੇ ਆਧਾਰਤ ਕਮੇਟੀ ਗਠਿਤ ਕੀਤੀ ਗਈ ਹੈ। ਇਹ ਕਮੇਟੀ ਹਰੇਕ ਰਾਜ ਵਿੱਚ ਵੋਟਰਾਂ ਦੀ ਗਿਣਤੀ ਅਤੇ ਉਸ ਅਨੁਪਾਤ ਵਿੱਚ ਆਉਣ ਵਾਲੇ ਖਰਚ ਦਾ ਅਨੁਮਾਨ ਲਗਾਏਗੀ। ਇਸ ਤੋਂ ਇਲਾਵਾ ਬੀਤੇ ਵਰ੍ਹਿਆਂ ਵਿੱਚ ਵੱਧੀ ਹੋਈ ਮਹਿੰਗਾਈ ਨਾਲ ਚੋਣ ਖਰਚਿਆ ‘ਤੇ ਹੋਣ ਵਾਲੇ ਅਸਰ ਦਾ ਅਨੁਮਾਨ ਲਗਾਏਗੀ। ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਅਤੇ ਆਮ ਲੋਕਾਂ ਤੋਂ ਇਸ ਸਬੰਧੀ ਇਤਰਾਜ਼ ਮੰਗੇਗੀ।ਉਹਨਾਂ ਦੱਸਿਆ ਕਿ ਇਹ ਕਮੇਟੀ ਉਪਰੋਕਤ ਤੋਂ ਇਲਾਵਾ ਹੋਰ ਸੰਭਾਵੀ ਸਬੰਧਤ ਵਿਸ਼ਿਆਂ ਦਾ ਵੀ ਮੁਲਾਂਕਣ ਕਰੇਗੀ ਅਤੇ ਆਪਣੀ ਰਿਪੋਰਟ ਕਮੇਟੀ ਦੇ ਗਠਨ ਤੋਂ 120 ਦਿਨਾਂ ਵਿੱਚ ਪੇਸ਼ ਕਰੇਗੀ।