
ਫਗਵਾੜਾ 17 ਸਤੰਬਰ (ਸ਼ਿਵ ਕੋੜਾ) ਭਾਰਤ ਵਿਚ ਅਜਾਦੀ ਤੋਂ ਬਾਅਦ ਵੀ ਦਲਿਤ ਭਾਈਚਾਰੇ ਨੂੰ ਸਨਮਾਨ ਨਾਲ ਜੀਉਣ ਦਾ ਅਧਿਕਾਰ ਨਾ ਮਿਲਣਾ ਬਹੁਤ ਹੀ ਅਫਸੋਸ ਦੀ ਗੱਲ ਹੈ। ਬੇਸ਼ਕ ਬਾਬਾ ਸਾਹਿਬ ਡਾ. ਅੰਬੇਡਕਰ ਨੇ ਦਲਿਤਾਂ ਨੂੰ ਸੰਵਿਧਾਨਕ ਅਧਿਕਾਰ ਲੈ ਦਿੱਤੇ ਹਨ ਪਰ ਕਥਿਤ ਸਵਰਨ ਜਾਤੀਆਂ ਦੇ ਮਨ ਵਿਚ ਦਲਿਤਾਂ ਪ੍ਰਤੀ ਅੱਜ ਵੀ ਨਫਰਤ ਉਸੇ ਤਰਾ ਭਰੀ ਹੋਈ ਹੈ ਜਿਸ ਤਰਾ ਸਦੀਆਂ ਪਹਿਲਾਂ ਹੋਇਆ ਕਰਦੀ ਸੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਇੱਥੇ ਗੱਲਬਾਤ ਦੌਰਾਨ ਕੀਤਾ। ਉਹ ਰਾਜਸਥਾਨ ਵਿਚ ਬੀਤੇ ਦਿਨ ਇਕ ਦਲਿਤ ਵਿਅਕਤੀ ਦੀ ਖੜੀ ਮੁੱਛ ਰੱਖਣ ਦੀ ਵਜਾ ਨਾਲ ਹੋਈ ਹੱਤਿਆ ਦੇ ਮਾਮਲੇ ਤੇ ਟਿੱਪਣੀ ਕਰ ਰਹੇ ਸਨ। ਉਹਨਾਂ ਕਿਹਾ ਕਿ ਮੰਦਭਾਗੀ ਗੱਲ ਹੈ ਕਿ ਭਾਰਤ ਵਿਚ ਇਸ ਤੋਂ ਪਹਿਲਾਂ ਵੀ ਰੋਹਿਤ ਵੇਮੁਲਾ ਵਰਗੇ ਹਜਾਰਾਂ ਕਾਬਿਲ ਨੌਜਵਾਨ ਜਾਤੀਵਾਦੀ ਨਫਰਤ ਦੀ ਭੇਂਟ ਚੜ ਚੁੱਕੇ ਹਨ ਜਿਹਨਾਂ ਦਾ ਕਸੂਰ ਸਿਰਫ ਇਹੋ ਸੀ ਕਿ ਉਹ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਸਨ। ਉਹਨਾਂ ਜਿੱਥੇ ਰਾਜਸਥਾਨ ਵਿਚ ਖੁਦ ਆਪਣੇ ਨਾਲ ਵਾਪਰੇ ਕਈ ਕੌੜੇ ਅਨੁਭਵਾਂ ਦਾ ਜਿਕਰ ਕੀਤਾ ਉੱਥੇ ਹੀ ਕਿਹਾ ਕਿ ਬੇਸ਼ਕ ਦਸ਼ਮੀ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਸਮੇਂ ਜਾਤੀ ਭੇਦ ਦੇ ਖਾਤਮੇ ਦਾ ਹੌਕਾ ਦਿੱਤਾ ਸੀ ਪਰ ਕੌੜਾ ਸੱਚ ਇਹ ਹੈ ਕਿ ਅੱਜ ਵੀ ਸਰੋਵਰ ਇਸ਼ਨਾਨ ਅਤੇ ਲੰਗਰ ਦੀ ਸਾਂਝ ਤੋਂ ਇਲਾਵਾ ਦਲਿਤ ਭਾਈਚਾਰੇ ਨਾਲ ਸਵਰਨ ਅਖਵਾਉਣ ਵਾਲੀਆਂ ਜਾਤੀਆਂ ਦੀ ਕੋਈ ਸਾਂਝ ਨਹੀਂ ਹੈ। ਉਹਨਾਂ ਸਮਾਜ ਵਿਚ ਨਫਰਤ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਜਿੱਮੇਵਾਰ ਠਹਿਰਾਇਆ ਅਤੇ ਕਿਹਾ ਕਿ ਪਿਛਲੇ ਸਮੇਂ ‘ਚ ਵੀ ਬੇਸ਼ਕ ਸਦੀਆਂ ਤੋਂ ਚੱਲੀ ਆ ਰਹੀ ਨਫਰਤ ਦਾ ਸ਼ਿਕਾਰ ਦਲਿਤ ਸਮਾਜ ਹੁੰਦਾ ਰਿਹਾ ਹੈ ਪਰ ਕੇਂਦਰ ਵਿਚ ਆਰ.ਐਸ.ਐਸ. ਦੀ ਸੋਚ ਵਾਲੀ ਨਰਿੰਦਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਸਮਾਜਿਕ ਪਾੜਾ ਬਹੁਤ ਜਿਆਦਾ ਵੱਧ ਗਿਆ ਹੈ। ਪਹਿਲਾਂ ਤਾਂ ਜਿਆਦਾਤਰ ਕੁੱਟਮਾਰ ਦੀਆਂ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਸਨ ਪਰ ਹੁਣ ਮਨੁੰਵਾਦੀਆਂ ਦੇ ਹੌਸਲੇ ਮੋਦੀ ਸਰਕਾਰ ਵਿਚ ਇਸ ਕਦਰ ਬੁਲੰਦ ਹੋ ਗਏ ਹਨ ਕਿ ਦਲਿਤਾਂ ਦੀ ਛੋਟੀ-ਛੋਟੀ ਗੱਲ ਤੇ ਜਾਂ ਤਾਂ ਹੱਤਿਆ ਕਰ ਦਿੱਤੀ ਜਾਂਦੀ ਹੈ ਅਤੇ ਜਾਂ ਇਸ ਕਦਰ ਜਲੀਲ ਕੀਤਾ ਜਾਂਦਾ ਹੈ ਕਿ ਉਹ ਖੁੱਦ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ। ਉਹਨਾਂ ਬੀਕਾਨੇਰ ਦੀ ਘਟਨਾ ਲਈ ਜਿੱਮੇਵਾਰ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਜੋਰ ਦੇ ਕੇ ਕੀਤੀ।