ਫਗਵਾੜਾ 3 ਅਕਤੂਬਰ (ਸ਼ਿਵ ਕੋੜਾ) ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਸ਼ਾਖਾ ਫਗਵਾੜਾ ਦੇ ਯੂਥ ਵਿੰਗ ਵਲੋਂ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਰਾਜ ਨੂੰ ਜੰਗਲ ਰਾਜ ਦੱਸਦੇ ਹੋਏ ਅੱਜ ਮੁੱਖ ਮੰਤਰੀ ਯੋਗੀ ਅਦਿਤਯ ਨਾਥ ਦਾ ਪੁਤਲਾ ਫੂਕਿਆ। ਪੁਤਲਾ ਫੂਕਣ ਤੋਂ ਪਹਿਲਾਂ ਯੂ.ਪੀ. ਦੇ ਹਾਥਰਸ ਵਿਖੇ ਮਨੀਸ਼ਾ ਨਾਮ ਦੀ ਲੜਕੀ ਨਾਲ ਵਾਪਰੀ ਘਟਨਾ ਨੂੰ ਲੈ ਕੇ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਯੂਥ ਵਿੰਗ ਦੇ ਆਗੂਆਂ ਅਸੁਰਪਾਲ ਗਿਲ, ਗੋਰੀ ਗਿਲ, ਸਾਬੀ ਗਿਰਨ ਅਤੇ ਤਨਿਸ਼ ਸੇਠੀ ਨੇ ਕਿਹਾ ਕਿ ਯੂ.ਪੀ. ਵਿਚ ਯੋਗੀ ਸਰਕਾਰ ਬਣਨ ਤੋਂ ਬਾਅਦ ਦਲਿਤਾਂ ਉਪਰ ਅਤਿਆਚਾਰ ਆਮ ਗਲ ਹੋ ਗਈ ਹੈ। ਮਨੀਸ਼ਾ ਦੇ ਨਾਲ ਨਾ ਸਿਰਫ ਜਬਰ ਜਿਨਾਹ ਕੀਤਾ ਗਿਆ ਬਲਕਿ ਉਸ ਨੂੰ ਤਸੀਹੇ ਦਿੱਤੇ ਗਏ। ਉਸਦੀ ਗਰਦਨ ਦੇ ਮਣਕੇ ਅਤੇ ਰੀੜ ਦੀ ਹੱਡੀ ਤੋੜ ਦਿੱਤੀ ਗਈ ਜੋ ਕਿ ਬਿਲਕੁਲ ਹੀ ਗੈਰ ਮਨੁੰਖੀ ਅਤੇ ਘਿਣੌਨੀ ਕਾਰਗੁਜਾਰੀ ਹੈ। ਉਹਨਾਂ ਘਟਨਾ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜਾ ਦੇਣ ਦੀ ਮੰਗ ਤੋਂ ਇਲਾਵਾ ਮਨੀਸ਼ਾ ਦਾ ਅੰਤਮ ਸੰਸਕਾਰ ਉਸਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਅੱਧੀ ਰਾਤ ਨੂੰ ਕਰਨ ਲਈ ਦੋਸ਼ੀ ਅਤੇ ਪਰਿਵਾਰ ਨੂੰ ਡਰਾਉਣ ਧਮਕਾਉਣ ਵਾਲੇ ਡੀ.ਐਮ. ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਮਨੀ ਬੀ.ਐਸ.ਐਸ., ਕੇਸ਼ਵ ਗਿਲ, ਸਮੀਰ ਗਿਲ, ਮਾਨਵ ਮੱਟੂ, ਕਰਨ ਕਲਿਆਣ, ਪੰਕਜ ਮੱਟੂ, ਕਰਨ ਮੱਟੂ, ਵਬਰੀਕ ਗਿਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਥ ਵਿੰਗ ਦੇ ਵਰਕਰ ਹਾਜਰ ਸਨ।