ਫਗਵਾੜਾ 10 ਮਾਰਚ (ਸ਼਼ਿਵ ਕੋੋੜਾ) ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਅਤੇ ਅੰਗਦ ਦੱਤਾ ਯੂਥ ਪ੍ਰਧਾਨ ਜਲੰਧਰ ਨੇ ਅੱਜ ਇੱਥੇ ਜਾਰੀ ਇਕ ਸਾਂਝੇ ਪ੍ਰੈਸ ਬਿਆਨ ‘ਚ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਅਤੇ ਟਿਕਾਣਿਆਂ ‘ਤੇ ਈ.ਡੀ. ਦੇ ਛਾਪਿਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਖਹਿਰਾ ਦੇ ਘਰ ਪਹਿਲੀ ਵਾਰ ਈ.ਡੀ. ਦੀ ਰੇਡ ਨਹੀਂ ਹੋਈ ਬਲਕਿ ਵਿਵਾਦਾਂ ਨਾਲ ਉਹਨਾਂ ਦਾ ਪੁਰਾਣਾ ਰਿਸ਼ਤਾ ਹੈ। ਇਸ ਤੋਂ ਪਹਿਲਾਂ ਸਾਲ 2015 ‘ਚ ਵੀ ਡਰੱਗ ਤਸਕਰੀ ਦੇ ਮਾਮਲੇ ‘ਚ ਕੇਸ ਦਰਜ ਹੋਇਆ ਸੀ। ਸੌਰਵ ਖੁੱਲਰ ਨੇ ਕਿਹਾ ਕਿ ਮਨੀ ਲਾਂਡਰਿੰਗ ਦੇ ਦੋਸ਼ ਖਹਿਰਾ ਉਪਰ ਕਾਫੀ ਸਮੇਂ ਤੋਂ ਲੱਗਦੇ ਰਹੇ ਹਨ। ਈ.ਡੀ. ਵਰਗੀ ਏਜੰਸੀ ਬਿਨਾ ਠੋਸ ਸਬੂਤ ਦੇ ਉਹਨਾਂ ਵਰਗੀ ਸ਼ਖਸੀਅਤ ਦੇ ਘਰ ਜਾਂ ਟਿਕਾਣੇ ਤੇ ਰੇਡ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਭੁਲੱਥ ਦੇ ਜਨ ਪ੍ਰਤੀਨਿਧਿ ਹੋਣ ਦੇ ਨਾਤੇ ਖਹਿਰਾ ਲੋਕਾਂ ਨੂੰ ਦੱਸਣ ਕੇ ਆਖਿਰ ਈ.ਡੀ. ਦੇ ਰਾਡਾਰ ਤੇ ਉਹ ਕਿਉਂ ਆਏ ਹਨ। ਕਿਉਂਕਿ ਉਹ ਅਕਸਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਵਰਗੀਆਂ ਬੇਦਾਗ ਸ਼ਖਸੀਅਤਾਂ ਉਪਰ ਝੂਠੇ ਦੋਸ਼ ਲਗਾ ਕੇ ਜਵਾਬ ਮੰਗਦੇ ਰਹੇ ਹਨ। ਯੂਥ ਆਗੂਆਂ ਨੇ ਸੁਖਪਾਲ ਖਹਿਰਾ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਦੂਸਰਿਆਂ ਉਪਰ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਫੇਰਨ ਕਿਉਂਕਿ ਚੋਰ ਬੇਸ਼ਕ ਕਿੰਨਾ ਵੀ ਚਤਰ ਕਿਉਂ ਨਾ ਹੋਵੇ ਅਖੀਰ ਚੋਰੀ ਫੜੀ ਜਾਂਦੀ ਹੈ। ਇਸੇ ਤਰ੍ਹਾਂ ਖਹਿਰਾ ਦੀ ਸੱਚਾਈ ਵੀ ਜਲਦੀ ਹੀ ਜਨਤਾ ਦੇ ਸਾਹਮਣੇ ਆਵੇਗੀ ਤੇ ਭੁਲੱਥ ਦੀ ਜਨਤਾ ਦੁਬਾਰਾ ਉਹਨਾਂ ਨੂੰ ਮੂੰਹ ਨਹੀਂ ਲਗਾਏਗੀ।