ਫਗਵਾੜਾ, 29 ਨਵੰਬਰ (ਸ਼ਿਵ ਕੋੜਾ) ਸਕੇਪ ਸਾਹਿੱਤਕ ਸੰਸਥਾ (ਰਜਿ:) ਫਗਵਾੜਾ ਵਲੋਂ ਪ੍ਰਧਾਨ ਰਵਿੰਦਰ ਚੋਟ ਦੀ ਅਗਵਾਈ ਵਿੱਚ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਵਾਸੂ ਦੀ ਨਵ-ਪ੍ਰਕਾਸ਼ਤ ਪੁਸਤਕ  ਮਨੁੱਖਤਾ ਦਾ ਵਾਰਸ ਗੁਰੂ ਤੇਗ ਬਹਾਦਰ” ‘ਤੇ ਵਿਚਾਰ-ਚਰਚਾ ਕਰਵਾਈ ਗਈ। ਪਹਿਲੇ ਪੜਾਅ ਵਿੱਚ ਕਵੀ ਦਰਬਾਰ ਵਿੱਚ ਪੰਜਾਬੀ ਦੇ ਉੱਘੇ ਕਵੀਆਂ ਨੇ ਭਾਗ ਲਿਆ, ਜਿਹਨਾ ਵਿੱਚ ਬਲਦੇਵ ਰਾਜ ਕੋਮਲ, ਕਰਮਜੀਤ ਸੰਧੂ, ਗੁਰਨਾਮ ਬਾਵਾ, ਸੋਢੀ ਸੱਤੋਵਾਲੀ, ਸ਼ਾਮ ਸਰਗੂੰਦੀ, ਉਰਮਿਲ ਸਿੰਘ, ਸੁਬੇਗ ਸਿੰਘ ਹੰਜਰਾ, ਮਨੋਜ ਫਗਵਾੜਵੀ, ਸੀਤਲ ਬੰਗਾ, ਕਮਲੇਸ਼ ਸੰਧੂ, ਪ੍ਰੇਮ ਸਿੰਘ, ਸੁਖਦੇਵ ਗੰਡਮ, ਬਲਵੀਰ ਕੌਰ, ਓਮ ਪ੍ਰਕਾਸ਼ ਸੰਦਲ, ਸੌਰਬ ਸਹਿਗਲ, ਬਲਦੇਵ ਰਾਜ ਕੋਮਲ, ਅਮਿੰਦਰਪ੍ਰੀਤ ਕੌਰ ਰੂਬੀ ਅਤੇ ਲਾਲੀ ਕਰਤਾਰਪੁਰੀ ਨੇ ਰਚਨਾਵਾਂ ਸੁਣਾ ਕੇ ਰੰਗ ਬੰਨ੍ਹਿਆ। ਦੂਸਰੇ ਪੜਾਅ ਵਿੱਚ ਪੁਸਤਕ ਤੇ ਚਰਚਾ ਦਾ ਆਰੰਭ ਕਰਦਿਆਂ ਪ੍ਰਸਿੱਧ ਕਾਲਮਨਵੀਸ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਪੁਸਤਕ ਦੇ ਹਰ ਪਹਿਲੂ ਤੇ ਵਿਸਥਾਰ ਪੂਰਬਕ ਚਾਨਣਾ ਪਾਇਆ। ਉਹਨਾ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦਾ ਮਾਨਵਵਾਦੀ ਸਿਧਾਂਤ ਉਤਮ ਸਭਿਆਚਾਰ ਦੀ ਸਿਰਜਣਾ, ਦੂਸਰੇ ਧਰਮਾਂ ਤੇ ਮਨੁੱਖਤਾ ਲੲ ਕੁਰਬਾਨੀ ਦਾ ਜਜ਼ਬਾ ਤੇ ਅਮਨ ਦਾ ਪੈਗਾਮ ਜਿਹੜਾ ਕਿ ਗੁਰੂ ਜੀ ਨੇ ਸੰਸਾਰ ਅੱਗੇ ਰੱਖਿਆ। ਉਸਦਾ ਉੱਤਮ ਵਰਨਣ ਡਾ: ਵਾਸੂ ਨੇ ਆਪਣੀ ਪੁਸਤਕ ਵਿੱਚ ਕੀਤਾ ਹੈ। ਇਸੇ ਚਰਚਾ ਨੂੰ ਅੱਗੇ ਤੋਰਦਿਆਂ ਪ੍ਰਿੰਸੀਪਲ ਡਾ: ਜਗੀਰ ਸਿੰਘ ਨੂਰ ਨੇ ਦੱਸਿਆ ਕਿ ਇਹ ਪੁਸਤਕ ਜਿਥੇ ਗੁਰੂ ਜੀ ਦੇ ਜੀਵਨ ਦੇ ਬਹੁਤ ਸਾਰੇ ਪਹਿਲੂਆਂ ਤੇ ਚਾਨਣਾ ਪਾਉਂਦੀ ਹੈ, ਉਥੇ ਉਹਨਾ ਦੇ ਦਰਸ਼ਨਾਂ ਦੀ ਵਿਆਖਿਆ ਵੀ ਕਰਦੀ ਹੈ। ਗੁਰੂ ਜੀ ਦੀ ਮਨੁੱਖਤਾ ਲਈ ਘਾਲਣਾ ਦਾ ਵੀ ਉੱਤਮ ਜ਼ਿਕਰ ਕੀਤਾ ਗਿਆ ਹੈ।ਉਹਨਾ ਇਹ ਵੀ ਆਖਿਆ ਕਿ ਗੁਰੂ ਜੀ ਦੀ ਬਾਣੀ ਮਨੁੱਖੀ ਮਨ ਦੀਆਂ ਤਰੰਗਾਂ ਨੂੰ ਪਛਾਣਦੀ ਹੈ ਅਤੇ ਡਾ: ਵਾਸੂ ਇਸ ਨਾਲ ਨਾਲ ਇਨਸਾਫ ਕਰ ਸਕੇ ਹਨ। ਡਾ: ਵਾਸੂ ਚਲਦੇ ਫਿਰਦੇ ਅਰਥਾਵਲੀ ਕੋਸ਼ ਹਨ। ਪ੍ਰਸਿੱਧ ਸਰਜਨ ਅਤੇ ਗੁਰਬਾਣੀ ਦੇ ਰਸੀਏ ਡਾ: ਜੀ.ਬੀ. ਸਿੰਘ ਨੇ ਗੁਰੂ ਜੀ ਦੀ ਬਾਣੀ ਵਿੱਚ ਮਨੋਵਿਗਿਆਨਕ ਡੋਰਾਂ ਦੀ ਨਿੱਠ ਕੇ ਵਿਆਖਿਆ ਕੀਤੀ। ਉਹਨਾ ਆਖਿਆ ਕਿ ਗੁਰੂ ਜੀ ਦੇ ਮਨੁੱਖੀ ਮਨ ਦੇ ਅੰਤਰੀਵ ਨੂੰ ਸਮਝਦੇ ਸਨ। ਇਹਨਾ ਤੋਂ ਇਲਾਵਾ ਡਾ: ਐਮ.ਪੀ. ਸਿੰਘ, ਡਾ: ਪਰਮਜੀਤ ਕੌਰ, ਡਾ: ਮਨਜਿੰਦਰ ਕੌਰ, ਐਡਵੋਕੇਟ ਐਸ.ਐਲ. ਵਿਰਦੀ ਅਤੇ ਬੀਬਾ ਕੁਲਵੰਤ ਨੇ ਵੀ ਇਸ ਚਰਚਾ ਵਿੱਚ ਭਾਗ ਲਿਆ। ਸਮਾਗਮ ਦੇ ਅੰਤ ਵਿੱਚ ਪਿਛਲੇ ਸਮੇਂ ਵਿੱਚ ਪੰਜਾਬੀ ਜਗਤ ਨੂੰ ਵਿਛੋੜਾ ਦੇ ਗਈਆਂ। ਪ੍ਰਸਿੱਧ ਸਖ਼ਸ਼ੀਅਤਾਂ ਜਿਹਨਾ ਵਿੱਚ ਗਾਇਕਾ ਗੁਰਨਾਮ  ਬਾਵਾ ਅਤੇ ਪ੍ਰਸਿੱਧ ਕਹਾਣੀਕਾਰ ਮੋਹਨ ਭੰਡਾਰੀ ਲਈ ਸ਼ੋਕ ਜ਼ਾਹਿਰ ਕੀਤਾ ਗਿਆ। ਸਭਾ ਦੇ ਪ੍ਰਧਾਨ ਰਵਿੰਦਰ ਚੋਟ ਵਲੋਂ ਸਾਰੇ ਉੱਘੇ ਕਵੀਆਂ, ਲੇਖਕਾਂ ਅਤੇ ਪ੍ਰਧਾਨਗੀ ਮੰਡਲ ਵਿੱਚ ਸਸ਼ੋਭਿਤ ਉੱਘੀਆਂ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਦੇ ਪ੍ਰਬੰਧ ਲਈ ਉਹਨਾ ਸਭਾ ਦੇ ਜਨਰਲ ਸਕੱਤਰ ਪਰਵਿੰਦਰਜੀਤ ਸਿੰਘ, ਮਾਸਟਰ ਅਮਨਦੀਪ ਸਿੰਘ ਤੇ ਗੁਰਨਾਮ ਬਾਵਾ ਦਾ ਵੀ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਉੱਘੇ ਸ਼ਾਇਰ ਬਲਦੇਵ ਰਾਜ ਕੋਮਲ ਨੇ ਬਾ-ਖ਼ੂਬੀ ਨਿਭਾਈ।