ਅੰਮ੍ਰਿਤਸਰ :- ਜਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਦੀ ਵੱਡੀ ਲਾਪਰਵਾਹੀ ਕਰਕੇ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ‘ਚ ਪਿਛਲੇ ਲੰਮੇ ਸਮੇਂ ਤੋਂ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾਂ ਨਾ ਕਰਨ ਦੀ ਕੀਤੀ ਜਾ ਰਹੀ ਬੱਜਰ ਗਲਤੀ ਦੇ ਰੋਸ ਕਾਰਨ ਈ.ਟੀ.ਯੂ.ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ‘ਚ ਅੱਜ ਬਲਾਕ ਅੰਮ੍ਰਿਤਸਰ – 3 ਅਤੇ 4 ਦੇ ਅਧਿਆਪਕਾਂ ਨੇ ਸਤਬੀਰ ਸਿੰਘ ਬੋਪਾਰਾਏ,ਸੁਖਜਿੰਦਰ ਸਿੰਘ ਹੇਰ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਦਫਤਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਈ. ਟੀ.ਯੂ. ਦੇ ਸੂਬਾਈ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ,ਸਤਬੀਰ ਸਿੰਘ ਬੋਪਾਰਾਏ,ਸੁਖਜਿੰਦਰ ਸਿੰਘ ਹੇਰ,ਨਵਦੀਪ ਸਿੰਘ,ਗੁਰਮੁੱਖ ਸਿੰਘ ਕੋਲੋਵਾਲ,ਰਜਿੰਦਰ ਰਾਜਾਸਾਂਸੀ ਨੇ ਜਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਪਿਛਲੇ ਦਿਨੀਂ ਜਥੇਬੰਦੀ ਨਾਲ ਕੀਤੀ ਗਈ ਮੀਟਿੰਗ ਦੌਰਾਨ ਸੋਮਵਾਰ ਤੱਕ ਸਾਰਾ ਰਿਕਾਰਡ ਮੁਕੰਮਲ ਕਰਕੇ ਭਲਾਈ ਵਿਭਾਗ ਨੂੰ ਸੌਂਪਣ ਦੇ ਵਾਅਦੇ ਤੋ ਮੁਕਰਨ ਅਤੇ ਪ੍ਰਮੋਸ਼ਨਾ ਕਰਨ ਲਈ ਵਰਤੀ ਜਾ ਰਹੀ ਢਿੱਲ ਦੀ ਸ਼ਖਤ ਨਿਖੇਧੀ ਕਰਦਿਆਂ ਸਿੱਖਿਆ ਮੰਤਰੀ ਤੇ ਉੱਚ ਸਿੱਖਿਆ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਜਾਣ- ਬੁੱਝ ਕੇ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਅੜਿੱਕਾ ਬਣ ਰਹੇ ਇਸ ਲਾਪ੍ਰਵਾਹ ਅਧਿਕਾਰੀ ਅਤੇ ਉਸਦੇ ਸਬੰਧਤ ਕਰਮਚਾਰੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਰਕਾਰੀ ਸਕੂਲਾਂ ਅੰਦਰ ਪੜ੍ਹਨ ਵਾਲੇ ਗ਼ਰੀਬ ਲੋਕਾਂ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਇਨਸਾਫ਼ ਮਿਲ ਸਕੇ। ਅਧਿਆਪਕ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੱਲ੍ਹ ਤੱਕ ਪ੍ਰਮੋਸ਼ਨਾਂ ਸਬੰਧੀ ਸਾਰਾ ਰਿਕਾਰਡ ਮੁਕੰਮਲ ਨਾ ਕੀਤਾ ਗਿਆ ਤਾਂ ਸ਼ੁੱਕਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਸੈੰਕੜੇ ਅਧਿਆਪਕਾਂ ਵੱਲੋਂ ਜਬਰਦਸਤ ਘਿਰਾਓ ਕੀਤਾ ਜਾਵੇਗਾ,ਜਿਸ ਦੀ ਨਿਰੋਲ ਜ਼ਿੰਮੇਵਾਰੀ ਇਸ ਅਧਿਕਾਰੀ ਦੀ ਹੋਵੇਗੀ ।

ਅੱਜ ਭੁੱਖ ਹਡ਼ਤਾਲ ਤੇ ਬੈਠੇ ਅਧਿਆਪਕ ਆਗੂਆਂ ‘ਚ ਸਤਬੀਰ ਸਿੰਘ ਬੋਪਾਰਾਏ,ਸੁਖਜਿੰਦਰ ਸਿੰਘ ਹੇਰ,ਰੁਪਿੰਦਰਜੀਤ ਕੌਰ,ਗੁਰਜੀਤ ਕੌਰ,ਗੁਰਮੁੱਖ ਸਿੰਘ ਕੋਲੋਵਾਲ,ਹਰਚਰਨ ਸਿੰਘ ਸ਼ਾਹ,ਪ੍ਰਦੀਪ ਸਿੰਘ ਥਿੰਦ,ਮਲਕੀਤ ਸਿੰਘ ਭੁੱਲਰ,ਜਗਤਾਰ ਸਿੰਘ ਹੇਰ,ਰਣਜੀਤ ਸਿੰਘ,ਗਗਨਦੀਪ ਸਿੰਘ,ਵਿਕਰਮ ਸ਼ਰਮਾ,ਮਲਕੀਤ ਸਿੰਘ ਵੱਲਾ,ਰਣਜੀਤ ਸਿੰਘ ਆਦਿ ਆਗੂ ਸ਼ਾਮਲ ਸਨ ।