19 ਅਗਸਤ ( ) – ਕਰੀਬ 19 ਸਾਲ ਪਹਿਲਾਂ ਅਨੰਤਨਾਗ (ਕਸ਼ਮੀਰ) ‘ਚ ਹੋਏ ਇੱਕ ਬੰਬ ਧਮਾਕੇ ਦੌਰਾਨ ਗੰਭੀਰ ਰੂਪ ਵਿਚ ਜ਼ਖਮੀ ਹੋਣ ਕਾਰਨ ਲੰਮਾ ਸਮਾਂ ਮੰਜੇ ਤੇ ਰਹਿਣ ਉਪਰੰਤ ਕੁਝ ਦਿਨ ਪਹਿਲਾਂ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਸੰਗਰੂਰ ਜਿਲ੍ਹੇ ਨਾਲ ਸਬੰਧਿਤ ਆਈ.ਟੀ.ਬੀ.ਪੀ. ਦੇ ਜਵਾਨ ਦੇ ਮਾੜੇ ਆਰਥਿਕ ਹਲਾਤਾਂ ਨਾਲ ਜੂਝ ਰਹੇ ਪਰਿਵਾਰ ਦੀ ਬਾਂਹ ਫ਼ੜਦਿਆਂ ਉੱਘੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਪੀੜਤ ਪਰਿਵਾਰ ਨੂੰ ਘਰ ਦੇ ਗੁਜ਼ਾਰੇ ਲਈ ਮਹੀਨੇਵਾਰ ਪੈਨਸ਼ਨ ਦੇਣ ਤੋਂ ਇਲਾਵਾ ਉਸ ਦੀ ਧੀ ਦੀ ਉਚੇਰੀ ਸਿੱਖਿਆ ਦਾ ਖਰਚਾ ਚੁੱਕ ਕੇ ਮੁੜ ਆਪਣੀ ਦਰਿਆਦਿਲੀ ਦਾ ਸਬੂਤ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਆਈ.ਟੀ.ਬੀ.ਟੀ. ਦੇ ਡਿਪਟੀ ਕਮਾਂਡੈਂਟ ਵਿਕਰਮ ਸਿੰਘ ਹੁਰਾਂ ਨੇ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਸੀ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੁੰਭੜਵਾਲ ਨਾਲ ਸਬੰਧਿਤ ਆਈ.ਟੀ.ਬੀ.ਟੀ. ਦਾ ਜਵਾਨ ਨਿਰਭੈ ਸਿੰਘ ਜੋ ਸਾਲ 2001 ‘ਚ ਆਪਣੀ ਡਿਊਟੀ ਦੌਰਾਨ ਅਨੰਤਨਾਗ (ਕਸ਼ਮੀਰ) ‘ਚ ਹੋਏ ਇੱਕ ਬੰਬ ਧਮਾਕੇ ਦੌਰਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ,ਰੀੜ ਦੀ ਹੱਡੀ ਨਕਾਰਾ ਹੋਣ ਕਾਰਨ ਕਰੀਬ 17 ਵਰ੍ਹੇ ਮੰਜੇ ਤੇ ਰਹਿਣ ਉਪਰੰਤ ਬੀਤੀ 28 ਜੁਲਾਈ ਨੂੰ ਉਸ ਦੀ ਮੌਤ ਹੋ ਗਈ ਹੈ। ਮੌਤ ਉਪਰੰਤ ਉਕਤ ਜਵਾਨ ਨੂੰ ਵਿਭਾਗ ਵੱਲੋਂ ਮਿਲਣ ਵਾਲੀ ਮੈਡੀਕਲ ਪੈਨਸ਼ਨ ਵੀ ਬੰਦ ਹੋ ਚੁੱਕੀ ਹੈ ਅਤੇ ਮ੍ਰਿਤਕ ਦਾ ਪਰਿਵਾਰ ਪਿਛਲੇ ਲੰਮੇਂ ਸਮੇਂ ਤੋਂ ਬਹੁਤ ਹੀ ਮਾੜੇ ਆਰਥਿਕ ਹਲਾਤਾਂ ਚੋਂ ਗੁਜ਼ਰ ਰਿਹਾ ਹੈ,ਇਸ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੀੜਤ ਪਰਿਵਾਰ ਦੀ ਕੋਈ ਨਾ ਕੋਈ ਮਦਦ ਕੀਤੀ ਜਾਵੇ । ਉਨ੍ਹਾਂ ਡਿਪਟੀ ਕਮਾਂਡੈਂਟ ਵਿਕਰਮ ਸਿੰਘ ਨਾਲ ਉਚੇਚੇ ਤੌਰ ਤੇ ਮ੍ਰਿਤਕ ਨਿਰਭੈ ਸਿੰਘ ਦੇ ਪਿੰਡ ਪਹੁੰਚ ਕੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਜਾਨਣ ਉਪਰੰਤ ਫੈਸਲਾ ਕੀਤਾ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪੀੜਤ ਪਰਿਵਾਰ ਨੂੰ ਘਰ ਦੇ ਗੁਜ਼ਾਰੇ ਲਈ 7500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਤੋਂ ਇਲਾਵਾ ਉਸ ਦੀ ਛੋਟੀ ਧੀ ਦੀ ਉਚੇਰੀ ਸਿੱਖਿਆ ਦਾ ਖਰਚ ਚੁੱਕੇਗਾ। ਇਸੇ ਦੌਰਾਨ ਆਈ.ਟੀ.ਬੀ.ਪੀ. ਪੰਜਾਬ ਦੇ ਜਵਾਨਾਂ ਵੱਲੋਂ ਨਿਰਭੈ ਸਿੰਘ ਦੇ ਪਰਿਵਾਰ ਲਈ ਇਕੱਤਰ ਕੀਤੀ ਗਈ 1 ਲੱਖ 60 ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵੀ ਪਰਿਵਾਰ ਨੂੰ ਸੌਂਪਿਆ ਗਿਆ।
ਮੌਕੇ ਤੇ ਮੌਜੂਦ ਡਿਪਟੀ ਕਮਾਂਡੈਂਟ ਵਿਕਰਮ ਸਿੰਘ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਪਰਿਵਾਰ,ਪਿੰਡ ਤੇ ਆਈ.ਟੀ.ਬੀ.ਪੀ. ਵੱਲੋਂ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਇਨ੍ਹਾਂ ਦੁਆਰਾ ਹਮੇਸ਼ਾਂ ਲੋੜਵੰਦ ਲੋਕਾਂ ਦੀ ਕੀਤੀ ਜਾਂਦੀ ਸੱਚੀ-ਸੁੱਚੀ ਸੇਵਾ ਨੇ ਸਮੁੱਚੇ ਸਮਾਜ ਅੰਦਰ ਇਕ ਵੱਖਰੀ ਮਿਸਾਲ ਪੇਸ਼ ਕੀਤੀ ਹੈ।