ਫਗਵਾੜਾ 19 ਅਕਤੂਬਰ (ਸ਼ਿਵ ਕੋੜਾ) ਕਰੀਬ ਇਕ ਹਫਤਾ ਪਹਿਲਾਂ ਮਾਡਰਨ ਜੇਲ ਕਪੂਰਥਲਾ ‘ਚ ਪੌਣੇ ਤਿੰਨ ਸਾਲ ਤੋਂ ਨਿਆਇਕ ਹਿਰਾਸਤ ‘ਚ ਬੰਦ ਫਗਵਾੜਾ ਦੇ ਥਾਣਾ ਰਾਵਲਪਿੰਡੀ ਅਧੀਨ ਆਉਂਦੇ ਪਿੰਡ ਨਰੂੜ ਦੇ ਵਸਨੀਕ 28 ਸਾਲ ਦੇ ਨੌਜਵਾਨ ਜਸਵਿੰਦਰ ਸਿੰਘ ਉਰਫ ਡੱਡੂ ਪੁੱਤਰ ਸੇਵਕ ਸਿੰਘ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕ ਦੇ ਇੱਕੋ ਇਕ ਵਾਰਸ 75 ਸਾਲ ਦੇ ਬਜੁਰਗ ਹਰਭਜਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਨਰੂੜ ਜੋ ਕਿ ਮ੍ਰਿਤਕ ਦਾ ਸਗਾ  ਤਾਇਆ ਹੈ ਉਸਨੇ ਲਾਸ਼ ਲੈਣ ਤੋਂ ਇਹ ਕਹਿ ਕੇ ਇੰਨਕਾਰ ਕੀਤਾ ਹੈ ਕਿ ਪਹਿਲਾਂ ਜਸਵਿੰਦਰ ਸਿੰਘ ਨੂੰ ਨਸ਼ੇ ਦੇ ਝੂਠੇ ਕੇਸ ਵਿਚ ਫਸਾਉਣ ਵਾਲੇ ਪਿੰਡ ਨਰੂੜ ਦੇ ਇਕ ਵਿਅਕਤੀ ਸਮੇਤ ਥਾਣਾ ਰਾਵਲਪਿੰਡੀ ਦੇ ਪੁਲਿਸ ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਗਿਰਫਤਾਰ ਕੀਤਾ ਜਾਵੇ ਤਾਂ ਹੀ ਉਹ ਆਪਣੇ ਭਤੀਜੇ ਦੀ ਲਾਸ਼ ਦਾ ਅੰਤਮ ਸੰਸਕਾਰ ਕਰੇਗਾ। ਅੱਜ ਇੱਥੇ ਗਲਬਾਤ ਦੌਰਾਨ ਬਜੁਰਗ ਹਰਭਜਨ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਕੋਈ ਬੱਚਾ ਨਹੀਂ ਹੈ ਜੋ ਦੇਖਭਾਲ ਕਰ ਸਕੇ। ਮ੍ਰਿਤਕ ਜਸਵਿੰਦਰ ਸਿੰਘ ਉਰਫ ਡੱਡੂ ਉਸਦਾ ਭਤੀਜਾ ਸੀ ਜਿਸਦੇ ਮਾਤਾ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਉਸਦੀ ਪਿੰਡ ਵਿਚ 12/13 ਕਿੱਲੇ ਜਮੀਨ ਹੈ। ਉਹ ਅਤੇ ਉਸਦਾ ਭਤੀਜਾ ਜਸਵਿੰਦਰ ਸਿੰਘ ਖੇਤੀਬਾੜੀ ਕਰਦੇ ਸੀ। ਉਹ ਆਪਣੇ ਭਤੀਜੇ ਜਸਵਿੰਦਰ ਸਿੰਘ ਦਾ ਵਿਆਹ ਕਰਨਾ ਚਾਹੁੰਦਾ ਸੀ ਤਾਂ ਜੋ ਭਤੀਜੇ ਦਾ ਘਰ ਵੱਸ ਜਾਵੇ ਅਤੇ ਉਸਦਾ ਬੁਢਾਪਾ ਸੁਖਾਲਾ ਲੰਘ ਜਾਵੇ ਪਰ ਪਿੰਡ ਦੇ ਕੁੱਝ ਲੋਕ ਉਸਦੀ ਜਮੀਨ ਜਾਇਦਾਦ ਹੜਪਨ ਦੀ ਨਿਯਤ ਨਾਲ ਰੰਜਿਸ਼ ਰੱਖਦੇ ਹਨ। ਹਰਭਜਨ ਸਿੰਘ ਨੇ ਦੱਸਿਆ ਕਿ 14 ਫਰਵਰੀ 2018 ਨੂੰ ਉਹ ਅਤੇ ਉਸਦਾ ਭਤੀਜਾ ਸਵੇਰੇ ਸਮਾਂ ਕਰੀਬ 9/10 ਵਜੇ ਘਰ ਵਿਚ ਚਾਹ ਪੀ ਰਹੇ ਸੀ ਕਿ ਪਿੰਡ ਦਾ ਵਸਨੀਕ ਅਮਨਦੀਪ ਸਿੰਘ ਮਸਤ ਪੁੱਤਰ ਹਰੀ ਸਿੰਘ ਆਇਆ ਉਸਦੇ ਨਾਲ ਏ.ਐਸ.ਆਈ. ਭਾਰਤ ਭੂਸ਼ਣ, ਏ.ਐਸ.ਆਈ. ਜਸਵਿੰਦਰ ਪਾਲ, ਏ.ਐਸ.ਆਈ. ਬਲਜੀਤ ਸਿੰਘ ਤੇ ਕੁਝ ਹੋਰ ਮੁਲਾਜਮ ਵੀ ਸਨ। ਪੁਲਿਸ ਅਧਿਕਾਰੀ ਉਸਦੇ ਭਤੀਜੇ ਜਸਵਿੰਦਰ ਸਿੰਘ ਨੂੰ ਇਹ ਕਹਿ ਕੇ ਥਾਣਾ ਰਾਵਲਪਿੰਡੀ ਲੈ ਗਏ ਕਿ ਕਿਸੇ ਕੇਸ ਦੇ ਸਬੰਧ ਵਿਚ ਪੁੱਛਗਿਛ ਕਰਨੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸਦੇ ਭਤੀਜੇ ਖਿਲਾਫ 15 ਫਰਵਰੀ 2018 ਨੂੰ ਮੁਕੱਦਮਾ ਨੰਬਰ 13 ਅਧੀਨ ਧਾਰਾ 22 ਐਨ.ਡੀ.ਪੀ.ਐਸ. ਐਕਟ ਦਰਜ ਕਰ ਦਿੱਤਾ ਜੋ ਕਿ ਸਰਾਸਰ ਝੂਠਾ ਹੈ ਅਤੇ ਐਫ.ਆਈ.ਆਰ. ਵਿਚ ਭਤੀਜੇ ਜਸਵਿੰਦਰ ਸਿੰਘ ਦੀ ਗਿਰਫਤਾਰੀ ਵੀ ਫਰਜੀ ਤੌਰ ਤੇ ਕਿਸੇ ਹੋਰ ਜਗਾ ਦੀ ਦਿਖਾਈ ਗਈ ਹੈ। ਹਰਭਜਨ ਸਿੰਘ ਅਨੁਸਾਰ ਉਸਦਾ ਭਤੀਜਾ ਕਿਸੇ ਤਰਾ ਦਾ ਨਸ਼ਾ ਨਹੀਂ ਕਰਦਾ ਸੀ ਪਰ ਪੁਲਿਸ ਨੇ ਅਮਨਦੀਪ ਸਿੰਘ ਉਰਫ ਮਸਤ ਅਤੇ ਏ.ਐਸ.ਆਈ. ਬਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਜੋ ਕਿ ਉਸ ਦਾ ਗੁਆਂਢੀ ਹੈ ਅਤੇ ਉਸਦੀਆਂ ਦੋ ਹਵੇਲੀਆਂ ਅਤੇ ਹੋਰ ਜਾਇਦਾਦ ‘ਤੇ ਕਬਜਾ ਕਰਨਾ ਚਾਹੁੰਦਾ ਹੈ ਨਾਲ ਮਿਲੀਭੁਗਤ ਕਰਕੇ ਨਸ਼ੀਲੀਆਂ ਗੋਲੀਆਂ ਦਾ ਝੂਠਾ ਕੇਸ ਬਣਾ ਦਿੱਤਾ। ਉਸਨੇ ਦੱਸਿਆ ਕਿ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਭਤੀਜੇ ਦੀ ਜਮਾਨਤ ਮਨੰਜੂਰ ਨਹੀਂ ਹੋਈ ਜਦਕਿ ਮ੍ਰਿਤਕ ਜਸਵਿੰਦਰ ਸਿੰਘ ਨੇ ਜੱਜ ਸਾਹਿਬ ਪਾਸ ਬਿਆਨ ਵੀ ਦਰਜ ਕਰਵਾਇਆ ਸੀ ਕਿ ਅਮਨਦੀਪ ਸਿੰਘ ਉਰਫ ਮਸਤ ਨੇ ਉਸਨੂੰ ਝੂਠਾ ਫਸਾਇਆ ਹੈ। ਹਰਭਜਨ ਸਿੰਘ ਦੀ ਆਪਣੇ ਭਤੀਜੇ ਜਸਵਿੰਦਰ ਸਿੰਘ ਨਾਲ ਆਖਰੀ ਮੁਲਾਕਾਤ ਕਰੀਬ ਅੱਠ ਮਹੀਨੇ ਪਹਿਲਾਂ ਹੋਈ ਸੀ। ਬਾਅਦ ਵਿਚ ਕੋਰੋਨਾ ਮਹਾਮਾਰੀ ਫੈਲਣ ਕਰਕੇ ਜੇਲ• ਦੇ ਅਧਿਕਾਰੀਆਂ ਨੇ ਮੁਲਾਕਾਤ ਕਰਵਾਉਣ ਤੋਂ ਮਨਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਬੀਤੀ 12 ਅਕਤੂਬਰ ਨੂੰ ਜੇਲ ਤੋਂ ਭਤੀਜੇ ਦੀ ਮੌਤ ਦਾ ਸਮਾਚਾਰ ਮਿਲਿਆ। ਪੁਲਿਸ ਨੇ ਉਸਨੂੰ ਦੱਸੇ ਬਿਨਾ ਹੀ ਲਾਸ਼ ਦਾ ਪੋਸਟਮਾਰਟਮ ਵੀ ਕਰਵਾ ਦਿੱਤਾ ਅਤੇ ਲਾਸ਼ ਸਿਵਲ ਹਸਪਤਾਲ ਕਪੂਰਥਲਾ ‘ਚ ਰੱਖੀ ਹੋਈ ਹੈ। ਹਰਭਜਨ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸਦਾ ਭਤੀਜਾ ਹੀ ਉਸਦਾ ਆਖਰੀ ਸਹਾਰਾ ਸੀ ਜਿਸਦੀ ਮੌਤ ਨਾਲ ਉਸਦੀ ਬੁਢਾਪੇ ਦੀ ਲਾਠੀ ਟੁੱਟ ਗਈ ਹੈ। ਹਰਭਜਨ ਸਿੰਘ ਨੇ ਐਸ.ਐਸ.ਪੀ. ਕਪੂਰਥਲਾ, ਡੀ.ਆਈ.ਜੀ. ਜਲੰਧਰ ਰੇਂਜ, ਡੀ.ਜੀ.ਪੀ. ਪੰਜਾਬ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਿਆ ਦੀ ਮੰਗ ਕਰਦਿਆਂ ਕਿਹਾ ਕਿ ਉਸਦੇ ਲੜਕੇ ਨੂੰ ਝੂਠੇ ਕੇਸ ਵਿਚ ਫਸਾਉਣ ਅਤੇ ਮੌਤ ਲਈ ਜਿੱਮੇਵਾਰ ਪੁਲਿਸ ਅਧਿਕਾਰੀਆਂ ਅਤੇ ਵਿਅਕਤੀਆਂ ਖਿਲਾਫ ਤੁਰੰਤ ਪਰਚਾ ਦਰਜ ਕਰਕੇ ਗਿਰਫਤਾਰੀ ਕੀਤੀ ਜਾਵੇ ਤਾਂ ਹੀ ਉਹ ਆਪਣੇ ਭਤੀਜੇ ਦੀ ਲਾਸ਼ ਲੈ ਕੇ ਅੰਤਿਮ ਰਸਮਾ ਅਦਾ ਕਰੇਗਾ। ਇਸ ਦੌਰਾਨ ਹਰਭਜਨ ਸਿੰਘ ਨੇ ਪੰਜਾਬ ਰਾਜ ਮਨੁੰਖੀ ਅਧਿਕਾਰ ਕਮੀਸ਼ਨ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੀ ਮਾਮਲੇ ਦਾ ਨੋਟਿਸ ਲੈ ਕੇ ਇਨਸਾਫ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਬੁਢਾਪੇ ਵਿਚ ਉਹ ਨਿਆ ਲਈ ਸਰਕਾਰੀ ਦਫਤਰਾਂ ਅਤੇ ਅਦਾਲਤਾਂ ਵਿਚ ਧੱਕੇ ਨਹੀਂ ਖਾ ਸਕਦਾ।