ਫਗਵਾੜਾ 25 ਅਗਸਤ (ਸ਼ਿਵ ਕੋੜਾ) ਸਥਾਨਕ ਖਾਲਸਾ ਇੰਨਕਲੇਵ ਵਿਖੇ ਇਕ ਨੌਜਵਾਨ ਵਲੋਂ ਬੀਤੀ ਰਾਤ ਪੱਖੇ ਨਾਲ ਲਮਕ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਜਾਂਦਾ ਹੈ। ਮ੍ਰਿਤਕ ਦੇ ਭਰਾ ਰਨਜੀਵ ਕੁਮਾਰ ਵਾਸੀ ਜੋਧੇਵਾਲ ਬਸਤੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਹੈ ਕਿ ਉਹ ਤਿੰਨ ਭਰਾ ਹਨ ਅਤੇ ਮਾਤਾ ਪਿਤਾ ਵਿਦੇਸ਼ ਅਮਰੀਕਾ ਵਿਚ ਹਨ। ਉਸਦਾ ਸਭ ਤੋਂ ਛੋਟਾ ਭਰਾ ਧਰਮਵੀਰ ਰੱਤੂ (34) ਜੋ ਕਿ ਸ਼ਾਦੀਸ਼ੁਦਾ ਸੀ। ਉਹ ਵੀ ਸਾਲ 2004 ਵਿਚ ਅਮਰੀਕਾ ਚਲਾ ਗਿਆ ਸੀ ਅਤੇ ਉੱਥੇ ਪੱਕਾ ਹੋਣ ਤੇ ਵਿਆਹ ਕਰਵਾਇਆ ਸੀ ਪਰ ਇਕ ਸਾਲ ਬਾਅਦ ਹੀ ਤਲਾਕ ਹੋ ਗਿਆ ਸੀ। ਫਿਰ ਧਰਮਵੀਰ ਰੱਤੂ ਕਰੀਬ 8 ਸਾਲ ਪਹਿਲਾਂ ਵਾਪਸ ਇੰਡੀਆ ਆਇਆ ਅਤੇ ਸੋਨੀਆ ਪੁਤਰੀ ਭਜਨ ਲਾਲ ਵਾਸੀ ਕੁਲਥਮ ਨਾਲ ਦੂਸਰਾ ਵਿਆਹ ਕਰਵਾ ਲਿਆ। ਦੂਸਰੀ ਪਤਨੀ ਤੋਂ ਇਕ ਲੜਕੀ ਹੋਈ। ਬਾਅਦ ਵਿਚ ਉਸਨੇ ਪਤਨੀ ਸੋਨੀਆ ਨੂੰ ਵੀ ਅਮਰੀਕਾ ਬੁਲਾ ਲਿਆ ਪਰ ਸੋਨੀਆ ਬੱਚੀ ਨੂੰ ਇੰਡੀਆ ਛੱਡ ਗਈ ਸੀ। ਫਿਰ 2015 ਵਿਚ ਧਰਮਵੀਰ ਰੱਤੂ ਵਾਪਸ ਇੰਡੀਆ ਆਇਆ ਅਤੇ ਫਗਵਾੜਾ ਦੇ ਪਲਾਹੀ ਗੇਟ ‘ਚ ਮਾਸੀ-ਮਾਸੜ ਕੋਲ ਰਹਿਣ ਲੱਗ ਪਿਆ ਤੇ ਪਿਛਲੇ ਕਰੀਬ ਛੇ ਮਹੀਨੇ ਤੋਂ ਖਾਲਸਾ ਇੰਨਕਲੇਵ ਵਿਖੇ ਕੋਠੀ ਪਾ ਕੇ ਉੱਥੇ ਇਕੱਲਾ ਰਹਿਣ ਲੱਗ ਪਿਆ ਸੀ। ਧਰਮਵੀਰ ਰੱਤੂ ਦਾ ਪਾਸਪੋਰਟ ਖਰਾਬ ਹੋ ਗਿਆ ਸੀ ਜਿਸ ਕਾਰਨ ਉਹ ਦੁਬਾਰਾ ਅਮਰੀਕਾ ਨਹੀਂ ਜਾ ਸਕਿਆ। ਤਿੰਨ, ਚਾਰ ਸਾਲ ਪਹਿਲਾਂ ਸੋਨੀਆ ਇੰਡੀਆ ਆਈ ਸੀ ਪਰ ਧਰਮਵੀਰ ਨੂੰ ਨਹੀਂ ਮਿਲੀ ਅਤੇ ਆਪਣੀ ਲੜਕੀ ਨੂੰ ਆਪਣੇ ਨਾਲ ਅਮਰੀਕਾ ਲੈ ਗਈ। ਉਸਨੇ ਧਰਮਵੀਰ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ ਸੀ। ਮ੍ਰਿਤਕ ਦੇ ਭਰਾ ਰਨਜੀਵ ਕੁਮਾਰ ਅਨੁਸਾਰ ਉਸਦੀ ਭਰਜਾਈ ਸੋਨੀਆ ਇਸ ਸਾਲ ਜਨਵਰੀ ਮਹੀਨੇ ਵਿਚ ਇੰਡੀਆ ਆਈ ਸੀ ਅਤੇ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰਵਾ ਕੇ ਵਾਪਸ ਅਮਰੀਕਾ ਚਲੀ ਗਈ ਸੀ। ਪਾਸਪੋਰਟ ਖਰਾਬ ਹੋਣ ਅਤੇ ਅਮਰੀਕਾ ਨਾ ਜਾ ਸਕਣ ਦੀ ਵਜ•ਾ ਨਾਲ ਉਸਦਾ ਭਰਾ ਧਰਮਵੀਰ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ। ਉਸਨੇ ਦੱਸਿਆ ਕਿ 24-25 ਅਗਸਤ ਦੀ ਰਾਤ ਕਰੀਬ ਢਾਈ ਵਜੇ ਉਸਨੂੰ ਫਗਵਾੜਾ ਤੋਂ ਮਾਸੜ ਜਗਦੀਸ਼ ਕੁਮਾਰ ਵਾਸੀ ਪਲਾਹੀ ਗੇਟ ਨੇ ਫੋਨ ਕਰਕੇ ਧਰਮਵੀਰ ਦੇ ਫਾਹਾ ਲੈਣ ਦੀ ਸੂਚਨਾ ਦਿੱਤੀ। ਉਸਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸਦੇ ਭਰਾ ਦੀ ਮੌਤ ਦੇ ਅਸਲ ਕਾਰਨਾਂ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇ। ਖਬਰ ਲਿਖੇ ਜਾਣ ਤਕ ਥਾਣਾ ਸਿਟੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਫਿਲਹਾਲ ਧਾਰਾ 174 ਅਧੀਨ ਕਾਰਵਾਈ ਕੀਤੀ ਹੈ ਅਤੇ ਜੇਕਰ ਕੋਈ ਤੱਥ ਸਾਹਮਣੇ ਆਇਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।