
ਫਗਵਾੜਾ 18 ਸਤੰਬਰ (ਸ਼ਿਵ ਕੋੜਾ) ਸਥਾਨਕ ਹੁਸ਼ਿਆਰਪੁਰ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਵਲੋਂ ਬੱਚਿਆਂ ਦੀ ਟਿਊਸ਼ਨ ਫੀਸ ਮੰਗ ਕੇ ਪਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਅੱਜ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਬੰਧਕਾਂ ਨਾਲ ਮਿਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਕੂਲ ਪ੍ਰਬੰਧਕਾਂ ਨੇ ਨਾ ਤਾਂ ਉਹਨਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਅਤੇ ਨਾ ਹੀ ਆਪ ਬਾਹਰ ਆ ਕੇ ਮੁਲਾਕਾਤ ਕੀਤੀ। ਇਸ ਮੌਕੇ ਸਕੂਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਸਾਥੀ, ਚਰਨਜੀਤ ਸਿੰਘ, ਰਜਿੰਦਰ ਸਿੰਘ ਮਨੋਜ ਬੈਂਸ, ਲਲਿਤ ਪੰਡਤ, ਹਰਪ੍ਰੀਤ ਕੌਰ, ਮਨਜੀਤ ਸਿੰਘ ਅਤੇ ਗੀਤਾ ਕੁਮਾਰੀ ਨੇ ਦੱਸਿਆ ਕਿ ਕੋਵਿਡ-19 ਕੋਰੋਨਾ ਮਹਾਮਾਰੀ ਕਾਰਨ ਉਹਨਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਅਤੇ ਆਰਥਕ ਤੰਗੀ ਦੇ ਚਲਦੇ ਉਹ ਫੀਸਾਂ ਦਾ ਭੁਗਤਾਨ ਕਰਨ ਵਿਚ ਅਸਮਰਥ ਹਨ। ਫਿਰ ਵੀ ਉਹ ਬੱਚਿਆਂ ਦਾ 10ਵੀਂ ਅਤੇ 12ਵੀਂ ਕਲਾਸ ਦੀ ਸੀ.ਬੀ.ਐਸ.ਈ. ਬੋਰਡ ਪ੍ਰੀਖਿਆ ਦਾ ਦਾਖਲਾ ਜਮਾ ਕਰਵਾਉਣ ਲਈ ਤਿਆਰ ਹਨ ਪਰ ਸਕੂਲ ਪ੍ਰਬੰਧਕ ਪਹਿਲਾਂ ਸਕੂਲ ਦੀ ਰੈਗੁਲਰ ਟਿਊਸ਼ਨ ਫੀਸ ਜਮਾ ਕਰਵਾਉਣ ਦਾ ਦਬਾਅ ਬਣਾ ਰਹੇ ਹਨ ਜਿਸ ਕਰਕੇ ਉਹ ਪਿਛਲੇ ਕਈ ਦਿਨਾਂ ਤੋਂ ਸਕੂਲ ਪ੍ਰਬੰਧਕਾਂ ਨੂੰ ਲਿਖਤੀ ਤੌਰ ਤੇ ਆਪਣੀ ਮਜਬੂਰੀ ਦੱਸਣ ਲਈ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਕੂਲ ਪ੍ਰਬੰਧਕ ਮਿਲਣ ਨੂੰ ਤਿਆਰ ਨਹੀਂ। ਉਹਨਾਂ ਇਹ ਵੀ ਕਿਹਾ ਕਿ ਸੀ.ਬੀ.ਐਸ.ਈ. ਬੋਰਡ ਦੀ 10ਵੀਂ ਅਤੇ 12ਵੀਂ ਕਲਾਸ ਦੀ ਪ੍ਰੀਖਿਆ ਫੀਸ ਸਿਰਫ 300 ਰੁਪਏ ਹੈ ਪਰ ਸਕੂਲ ਪ੍ਰਬੰਧਕ 500/- ਰੁਪਏ ਵਸੂਲ ਕਰਕੇ ਇਸ ਮਹਾਮਾਰੀ ਵਿਚ ਵੀ ਮਾਪਿਆਂ ਨਾਲ ਲੁੱਟ-ਖਸੁੱਟ ਕਰ ਰਹੇ ਹਨ। ਗੁਰਮੀਤ ਸਿੰਘ ਸਾਥੀ ਅਤੇ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੀ ਸਪਸ਼ਟ ਨਿਰਦੇਸ਼ ਹੈ ਕਿ ਬੱਚਿਆਂ ਦੀ ਪੜਾਈ ਵਿਚ ਕਿਸੇ ਤਰਾ ਦਾ ਵਿਘਨ ਨਹੀਂ ਪਾਇਆ ਜਾ ਸਕਦਾ। ਇਸ ਤੋਂ ਇਲਾਵਾ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮੀਸ਼ਨ ਨਵੀਂ ਦਿੱਲੀ ਵਲੋਂ ਜਾਰੀ ਆਦੇਸ਼ ਨੰਬਰ 25019/09/2017-18/ਐਨਸੀਪੀਆਰ/ਆਰਟੀ ਈ ਮਿਤੀ 12.02.18 ਅਨੁਸਾਰ ਫੀਸਾਂ ਦੇ ਸਬੰਧ ਵਿਚ ਕਿਸੇ ਵੀ ਬੱਚੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਹ ਜੁਵੈਨਾਇਲ ਜਸਟਿਸ ਐਕਟ-2015 ਦੀ ਧਾਰਾ 75 ਦੀ ਸਰੇਆਮ ਉਲੰਘਣਾ ਹੈ। ਉਹਨਾਂ ਰੋਸ ਭਰੇ ਲਹਿਜੇ ਵਿਚ ਕਿਹਾ ਕਿ ਇਸ ਸਬੰਧੀ ਜਲਦੀ ਹੀ ਐਸ.ਡੀ.ਐਮ. ਫਗਵਾੜਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਜੇਕਰ ਫਿਰ ਵੀ ਮਸਲਾ ਹਲ ਨਾ ਹੋਇਆ ਅਤੇ ਸਕੂਲ ਪ੍ਰਬੰਧਕਾਂ ਦੀ ਧੱਕੇਸ਼ਾਹੀ ਜਾਰੀ ਰਹੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।