ਜਲੰਧਰ,30 ਨਵੰਬਰ()ਸਿੱਖਿਆ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਨੂੰ ਲੈਕੇ ਸਥਾਨਕ ਬੱਸ ਸਟੈਂਡ ਦੀ ਪਾਣੀ ਵਾਲੀ ਟੈਂਕੀ ਉੱਤੇ 28 ਅਕਤੂਬਰ ਤੋਂ ਚੜੇ ਦੋ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਅਤੇ ਹੇਠਾਂ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਦੀਆਂ ਕੁਝ ਮੰਗਾਂ ਮੰਨੇ ਜਾਣ ਦਾ ਭਾਵੇਂ ਬੀਤੇ 29 ਨਵੰਬਰ ਨੂੰ ਪੰਜਾਬ ਸਰਕਾਰ ਦੀ ਸਿੱਖਿਆ ਅਤੇ ਵਿੱਤ ਮੰਤਰੀ ਸਮੇਤ ਉੱਚ ਅਧਿਕਾਰੀਆਂ ਦੀ ਹੋਈ ਮੀਟਿੰਗ ਵਿੱਚ ਐਲਾਨ ਕੀਤਾ ਹੈ।ਪ੍ਰੰਤੂ ਦੁਬਿਧਾ ਅਤੇ ਬੇਡਰੋਸਗੀ ਦੇ ਡਰੋ ਬੇਰੁਜ਼ਗਾਰਾਂ ਨੇ ਆਪਣਾ ਮੋਰਚਾ ਜਿਉ ਦੀ ਤਿਉ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਮੁਨੀਸ਼ ਕੁਮਾਰ ਕੁੱਲ 100 ਦਿਨਾਂ ਤੋਂ ਅਤੇ ਜਸਵੰਤ ਘੁਬਾਇਆ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਰੁਜ਼ਗਾਰ ਟੈਂਕੀ ਉੱਤੇ ਬੈਠ ਕੇ ਰੁਜ਼ਗਾਰ ਮੰਗਦਿਆਂ ਨੂੰ ਅਤੇ ਦੂਜੇ ਪਾਸੇ ਸਾਢੇ ਚਾਰ ਸਾਲ ਤੋਂ ਕਾਂਗਰਸ ਦੇ ਘਰ ਘਰ ਰੁਜ਼ਗਾਰ ਦੇ ਵਾਅਦੇ ਦੀ ਪੂਰਤੀ ਦੀ ਉਡੀਕ ਕਰਦੇ ਬੀ ਐਡ ਟੈਟ ਪਾਸ ਅਧਿਆਪਕ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਹੇ ਹਨ।ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਵਿਸ਼ਿਆਂ ਦੇ ਬੇਰੁਜ਼ਗਾਰਾਂ ਨੂੰ ਪਿਛਲੇ ਸਮੇਂ ਮਹਿਜ਼ 150 ਅਸਾਮੀਆਂ ਦਿੱਤੀਆਂ ਗਈਆਂ ਸਨ,ਜਦਕਿ ਇੰਨਾ ਵਿਸ਼ਿਆਂ ਦੇ 29000 ਦੇ ਕਰੀਬ ਬੇਰੁਜ਼ਗਾਰ ਹਨ। ਹੁਣ ਸ੍ਰ ਪ੍ਰਗਟ ਸਿੰਘ ਸਿੱਖਿਆ ਮੰਤਰੀ ਨੇ ਕੁੱਲ 15000 ਅਸਾਮੀਆਂ ਦਾ ਭਰੋਸਾ ਦੇ ਕੇ ਮਹਿਜ਼ 10880 ਅਸਾਮੀਆਂ ਦੀ ਮਨਜੂਰੀ ਪ੍ਰਾਪਤ ਕੀਤੀ ਹੈ।ਜਿਸ ਵਿੱਚ ਅਜੇ ਵੀ ਖਦਸ਼ਾ ਹੈ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਨਾਲ ਮੁੜ ਵਿਤਕਰਾ ਹੋਵੇਗਾ।

ਉਹਨਾਂ ਕਿਹਾ ਕਿ ਸਰਕਾਰ ਵੱਲੋਂ ਭਰਤੀ ਸੰਬਧੀ ਕੀਤੇ ਐਲਾਨ ਸਦਕਾ ਬੇਰੁਜ਼ਗਾਰਾਂ ਨੇ 30 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਬਦਲ ਕੇ 3 ਦਿਸੰਬਰ ਤੇ ਪਾਇਆ ਹੈ।

ਉਹਨਾਂ ਮੰਗ ਕੀਤੀ ਕਿ ਜਲਦੀ ਤੋ ਜਲਦੀ 10880 ਸਾਰੀਆਂ ਪੋਸਟਾਂ ਦਾ ਨਿਰੋਲ ਮਾਸਟਰ ਕੇਡਰ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ ਓਹਨਾਂ ਕਿਹਾ ਕਿ ਸਿੱਖਿਆ ਮੰਤਰੀ ਜਲਦੀ ਇਸ਼ਤਿਹਾਰ,ਲਿਖਤੀ ਪ੍ਰੀਖਿਆ ਅਤੇ ਸਮੁੱਚੀ ਪ੍ਰਕਿਰਿਆ ਮੁਕੰਮਲ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ। ਉਹਨਾਂ ਕਿਹਾ ਹੈ ਜੇਕਰ ਪ੍ਰਵਾਨ ਅਸਾਮੀਆਂ ਵਿੱਚ ਮਾਸਟਰ ਕੇਡਰ ਅਤੇ ਉਕਤ ਵਿਸ਼ਿਆਂ ਦੀਆਂ ਅਸਾਮੀਆਂ ਨਾਲ ਮੁੜ ਪੱਖਪਾਤ ਕੀਤਾ ਗਿਆ ਤਾਂ ਸੰਘਰਸ਼ ਜਾਰੀ ਰਹੇਗਾ ਅਤੇ 3 ਦਿਸੰਬਰ ਨੂੰ ਮੁੜ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਇਸੇ ਤਰ੍ਹਾਂ ਡਟੇ ਰਹਿਣਗੇ।

ਅੱਜ ਸੁਰਿੰਦਰ ਕੌਰ ਮੁਕਤਸਰ,ਲੱਛਮੀ ਦੇਵੀ,ਅਵਤਾਰ ਸਿੰਘ ਭੁੱਲਰ ਹੇੜੀ,ਮਨਦੀਪ ਸਿੰਘ ਭੱਦਲਵੱਢ ਅਤੇ ਅਲਕਾ ਰਾਣੀ ਫਗਵਾੜਾ ਆਦਿ ਭੁੱਖ ਹੜਤਾਲ ਉੱਤੇ ਬੈਠੇ।

ਇਸ ਮੌਕੇ ਸੁਨੀਲ ਟਾਹਲੀ ਬੋਦਲਾ,ਰਸਨਦੀਪ ਸਿੰਘ ਝਾੜੋਂ,ਹਰਮੇਸ਼ ਸਿੰਘ ਸੰਗਰੂਰ ਅਤੇ ਸੁਰਿੰਦਰ ਸਿੰਘ ਮਾਨਸਾ ਆਦਿ ਹਾਜ਼ਰ ਸਨ।