ਮੁਹਾਲੀ :ਮੁਹਾਲੀ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਮੁਹਾਲੀ ਪੁਲੀਸ ਵੱਲੋਂ ਅੱਜ ਤੀਜਾ ਨੋਟਿਸ ਜਾਰੀ ਕੀਤਾ ਗਿਆ। ਮਟੌਰ ਥਾਣਾ ਦੇ ਐੱਸਐੱਚਓ ਵੱਲੋਂ ਅੱਜ ਜਾਰੀ ਕੀਤੇ ਨੋਟਿਸ ਵਿੱਚ ਸੈਣੀ ਨੂੰ ਭਲਕੇ 30 ਸਤੰਬਰ ਨੂੰ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਕੋਲ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸਿੱਟ ਦੇ ਇਕ ਮੈਂਬਰ ਨੇ ਦੱਸਿਆ ਕਿ ਕੱਲ੍ਹ ਵੀ ਸੈਣੀ ਤੋਂ ਮਟੌਰ ਥਾਣੇ ਵਿੱਚ ਲਗਾਤਾਰ ਛੇ ਘੰਟੇ ਪੁੱਛ ਪੜਤਾਲ ਕੀਤੀ ਗਈ ਹੈ ਅਤੇ ਇਸ ਦੌਰਾਨ ਸਾਬਕਾ ਡੀਜੀਪੀ ਕੋਲੋਂ ਮੁਲਤਾਨੀ ਕੇਸ ਬਾਰੇ ਤਕਰੀਬਨ 200 ਤੋਂ ਵੱਧ ਸਵਾਲ ਪੁੱਛੇ ਗਏ ਹਨ ਪਰ ਹਾਲੇ ਵੀ ਬਹੁਤ ਅਹਿਮ ਪਹਿਲੂ ਅਣਛੂਹੇ ਹਨ।