ਫਗਵਾੜਾ 27 ਮਾਰਚ (ਸ਼ਿਵ ਕੋੜਾ) ਫਗਵਾੜਾ ਦੇ ਵਾਰਡ ਨੰਬਰ 25 ਮੁਹੱਲਾ ਕੌਲਸਰ ਵਿਖੇ ਕਰੀਬ ਲੱਖ ਰੁਪਏ ਦੀ ਲਾਗਤ ਨਾਲ ਤਿੰਨ ਗਲੀਆਂ ਦੀ ਉਸਾਰੀ ਦੇ ਕੰਮ ਦਾ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਜਲਦੀ ਹੀ ਬਸਰਾ ਪੈਲੇਸ ਚੌਕ ਤੋਂ ਫਗਵਾੜਾ ਸ਼ਹਿਰ ਦੀ ਹੱਦ ਤੱਕ ਖੋਥੜਾਂ ਰੋਡ ਦੀ ਮੁੜ ਉਸਾਰੀ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਫਗਵਾੜਾ ਦੇ ਹਰ ਵਾਰਡ ਦਾ ਵਿਕਾਸ ਮੈਰਿਟ ਦੇ ਅਧਾਰ ਤੇ ਲੋੜ ਅਨੁਸਾਰ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ ਦਾ ਇਹ ਆਖਰੀ ਸਾਲ ਹੈ ਅਤੇ ਜੋ ਵਾਅਦੇ 2017 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਸਮੇਂ ਕੈਪਟਨ ਸਰਕਾਰ ਨੇ ਆਮ ਜਨਤਾ ਨਾਲ ਕੀਤੇ ਸਨ ਉਹ ਲਗਭਗ ਪੂਰੇ ਕਰ ਦਿੱਤੇ ਗਏ ਹਨ ਅਤੇ ਜੋ ਵਾਅਦੇ ਬਾਕੀ ਰਹਿੰਦੇ ਹਨ ਉਹ ਵੀ ਜਲਦੀ ਪੂਰੇ ਹੋ ਜਾਣਗੇ। ਉਹਨਾਂ ਕਿਹਾ ਕਿ ਫਗਵਾੜਾ ਸ਼ਹਿਰ ਦਾ ਸਮੁੱਚਾ ਵਿਕਾਸ ਕਰਵਾਉਣਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹਲ ਕਰਵਾਉਣਾ ਉਹਨਾਂ ਦੀ ਮੁਢਲੀ ਪ੍ਰਾਥਮਿਕਤਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਭਾਗਮੱਲ ਅਤੇ ਸਮਾਜ ਸੇਵਕ ਇੰਦਰਜੀਤ ਸਿੰਘ ਬਸਰਾ ਨੇ ਹਲਕਾ ਵਿਧਾਇਕ ਧਾਲੀਵਾਲ ਦਾ ਮੁਹੱਲਾ ਕੌਲਸਰ ਦੇ ਵਿਕਾਸ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਜਤਿੰਦਰ ਵਰਮਾਨੀ, ਮਨੀਸ਼ ਪ੍ਰਭਾਕਰ, ਬਲਵਿੰਦਰ ਸਿੰਘ ਸੋਨੂੰ, ਸੇਵਾ ਸਿੰਘ, ਬਾਬਾ ਦੱਤ ਕੰਡਾ, ਮਦਨ ਲਾਲ, ਬੀਬੀ ਤਾਰੋ, ਬੀਬੀ ਸਤਿਆ ਦੇਵੀ, ਵਿਦਿਆ ਦੇਵੀ, ਪਰਮਜੀਤ ਕੌਰ ਪੰਮੀ, ਇੰਦਰਜੀਤ ਮਹਿਤਾ, ਗੁਰਦੇਵ ਰਾਜ ਫੌਜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀ ਹਾਜਰ ਸਨ।