
ਜਲੰਧਰ, 16 ਫਰਵਰੀ
ਮੈਂਬਰ ਲੋਕ ਸਭਾ ਚੌਧਰੀ ਸੰਤੋਖ ਸਿੰਘ ਵੱਲੋਂ ਅੱਜ ਬਸੰਤ ਪੰਚਮੀ ਦੇ ਸ਼ੁਭ ਮੌਕੇ ‘ਤੇ ਫਿਲੌਰ ਵਿਖੇ ਵਕੀਲ ਅਤੇ ਕੁਦਰਤ ਪ੍ਰੇਮੀ ਫੋਟੋਗ੍ਰਾਫਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਲਘੂ ਫਿਲਮ ‘ਬਸੰਤ ਰੁੱਤ ਦਾ ਆਗਮਨ’ ਨੂੰ ਆਨਲਾਈਨ ਵਰਲਡ ਵਾਈਡ ਰਿਲੀਜ਼ ਕੀਤਾ ਗਿਆ।
ਇਸ ਮੌਕੇ ਮੈਂਬਰ ਲੋਕ ਸਭਾ ਨੇ ਹਰਪ੍ਰੀਤ ਸੰਧੂ ਨੂੰ ਇਹ ਲਘੂ ਫਿਲਮ ਤਿਆਰ ਕਰਨ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਿਥੇ ਇਸ ਫਿਲਮ ਵਿੱਚ ਪੰਜਾਬ ਦੇ ਹਰੇ-ਭਰੇ ਖੇਤਾਂ ਨੂੰ ਦਰਸਾਇਆ ਗਿਆ ਉਥੇ ਇਹ ਪੰਜਾਬ ਦੇ ਪੇਂਡੂ ਇਲਾਕਿਆਂ ਦੀ ਕੁਦਰਤੀ ਖੂਬਸੂਰਤੀ ਦੀ ਗਵਾਹੀ ਵੀ ਭਰਦੀ ਹੈ।
ਉਨ੍ਹਾਂ ਲੋਕਾਂ ਨੂੰ ਬਸੰਤ ਪੰਚਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਬਸੰਤ ਖੁਸ਼ੀਆਂ ਤੇ ਉਮੰਗਾਂ ਦਾ ਤਿਉਹਾਰ ਹੈ ਅਤੇ ਇਸ ਮੌਕੇ ਉਹ ਇਹ ਪ੍ਰਾਰਥਨਾ ਕਰਦੇ ਹਨ ਕਿ ਆਉਣ ਵਾਲਾ ਸਮਾਂ ਹਰੇਕ ਲਈ ਖੁਸ਼ੀਆਂ ਅਤੇ ਖੁਸ਼ਹਾਲੀ ਭਰਿਆ ਹੋਵੇ ਅਤੇ ਪੰਜਾਬ ਇਸੇ ਤਰ੍ਹਾਂ ਹਰਿਆ-ਭਰਿਆ ਰਹੇ। ਸੂਬੇ ਵਿੱਚ ਅਮਨ-ਸ਼ਾਂਤੀ ਦੀ ਕਾਮਨਾ ਕਰਦਿਆਂ ਉਨ੍ਹਾਂ ਦਿੱਲੀ ਦੀਆਂ ਸਰਹੱਦਾਂ ਉਤੇ ਬੈਠੇ ਕਿਸਾਨਾਂ ਵੱਲੋਂ ਆਪਣੇ ਹੱਕ ਲੈ ਕੇ ਜਿੱਤ ਕੇ ਘਰਾਂ ਨੂੰ ਪਰਤਣ ਦੀ ਅਰਦਾਸ ਵੀ ਕੀਤੀ।
ਜ਼ਿਕਰਯੋਗ ਹੈ ਕਿ ਇਸ ਲਘੂ ਫਿਲਮ ਵਿੱਚ ਪੰਜਾਬ ਦੇ ਸਰ੍ਹੋਂ ਦੇ ਹਰੇ-ਭਰੇ ਖੇਤਾਂ ਨੂੰ ਦਰਸਾਇਆ ਗਿਆ ਹੈ, ਜੋ ਕਿ ਦੁਨੀਆ ਭਰ ਦੇ ਖੂਬਸੂਰਤ ਕੁਦਰਤੀ ਨਜ਼ਾਰਿਆਂ ਤੋਂ ਕਿਸੇ ਗੱਲੋਂ ਘੱਟ ਨਹੀਂ ਹਨ।
ਇਸ ਮੌਕੇ ਹਰਪ੍ਰੀਤ ਸੰਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਜਿਹੇ ਹਰੇ-ਭਰੇ ਵਾਤਾਵਰਣ ਨਾਲ ਘਿਰਿਆ ਹੋਣ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ‘ਬਲਿਹਾਰੀ ਕੁਦਰਤਿ ਵਸਿਆ’ ਦੇ ਸੰਕਲਪ ‘ਤੇ ਜ਼ੋਰ ਦਿੰਦੀ ਹੈ।