ਫਗਵਾੜਾ 11 ਜੂਨ (ਸ਼ਿਵ ਕੋੜਾ) ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਵਲੋਂ ਦਿਹਾਤੀ ਪ੍ਰਧਾਨ ਅਤੇ ਜਿਲ੍ਹਾ ਕੋਆਰਡੀਨੇਟਰ  ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਡੀਜ਼ਲ ਅਤੇ ਪੈਟਰੋਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਰੋਸ ਵਜੋਂ ਸਥਾਨਕ ਨਕੋਦਰ ਰੋਡ ਦਰਵੇਸ਼ ਪਿੰਡ ਸਥਿਤ ਪੈਟਰੋਲ ਪੰਪ ਤੇ ਧਰਨਾ ਲਾ ਕੇ ਮੋਦੀ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਦਲਜੀਤ ਰਾਜੂ ਨੇ ਕਿਹਾ ਕਿ ਜਿੱਥੇ ਕੁਦਰਤੀ ਆਫ਼ਤ ਕਰੋਨਾ ਵਾਇਰਸ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਅਤੇ ਬੇਰੁਜ਼ਗਾਰ ਵੱਧ ਰਹੀ ਹੈ ਉੱਥੇ ਹੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਆਮ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਦੇਸ਼ ਦੇ ਕਿਸਾਨਾਂ ਦਾ ਵੀ ਲੱਕ ਤੋੜ ਕੇ ਰੱਖ ਦਿੱਤਾ ਹੈ। ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ਨੂੰ ਕੰਟਰੋਲ ਨਾ ਕਰਨਾ ਦੇਸ਼ ਦੀ ਜਨਤਾ ਨਾਲ ਧੋਖਾ ਹੈ। ਉਹਨਾਂ ਦੇਸ਼ ਵਿਚ ਲਗਾਤਾਰ ਵੱਧ ਰਹੀ ਮਹਿੰਗਾਈ ਲਈ ਕੇਂਦਰੀ ਸਰਕਾਰ ਨੂੰ ਦਸਦਿਆਂ ਕਿਹਾ ਕਿ ਕੋਵਿਡ ਕਾਲ ਵਿਚ ਸਹੂਲਤਾਂ ਦੇਣ ਦੀ ਬਜਾਏ ਮੋਦੀ ਸਰਕਾਰ ਤੇਲ ਦੀਆਂ ਕੀਮਤਾਂ ਵਧਾ ਕੇ ਲੁੱਟਣ ਵਿਚ ਲੱਗੀ ਹੈ। ਜੇਕਰ ਪੈਟ੍ਰੋਲ ਡੀਜਲ ਦੇ ਨਾਲ ਹੀ ਰਸੋਈ ਗੈਸ ਦੀਆਂ ਕੀਮਤਾਂ ਨਾ ਘਟਾਈਆਂ ਗਈਆਂ ਤਾਂ ਸੜਕਾਂ ਉਪਰ ਸੰਘਰਸ਼ ਕੀਤਾ ਜਾਵੇਗਾ। ਜਿਸਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੋਕੇ ਮਨਜੋਤ ਸਿੰਘ ਭਗਤਪੁਰਾ, ਅਮਰੀਕ ਸਿੰਘ ਮੀਕਾ, ਦਰਸ਼ਨ ਲਾਲ, ਪਿ੍ਰੰਸ ਮੱਟੂ, ਤੀਰਥ ਰਾਮ ਤੋਂ ਇਲਾਵਾ ਵੱਡੀ ਗਿਣਤੀ ‘ਚ ਕਾਂਗਰਸ ਪਾਰਟੀ ਦੇ ਵਰਕਰ ਹਾਜਰ ਸਨ।