ਫਗਵਾੜਾ :- (ਸ਼ਿਵ ਕੋੜਾ) ਬੀਤੇ ਐਤਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਵੇਰੇ ਠੀਕ 11 ਵਜੇ ‘ਮਨ ਕੀ ਬਾਤ’ ਸ਼ੁਰੂ ਕੀਤੀ ਗਈ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸਮਾਜ ਭਲਾਈ ਸੰਸਥਾ ਭਗਤਪੁਰਾ ਫਗਵਾੜਾ ਵਲੋਂ ਸੰਸਥਾ ਦੀ ਪ੍ਰਧਾਨ ਸੁਸ਼ਮਾ ਸ਼ਰਮਾ ਦੀ ਅਗਵਾਈ ਹੇਠ ਥਾਲੀਆਂ ਖੜਕਾ ਕੇ ਮੋਦੀ ਦੀ ਮਨ ਕੀ ਬਾਤ ਦਾ ਵਿਰੋਧ ਕੀਤਾ ਗਿਆ। ਜਦੋਂ ਤੱਕ ਮੋਦੀ ਦੀ ਮਨ ਕੀ ਬਾਤ ਖਤਮ ਨਹੀ ਹੋਈ। ਉਸ ਸਮੇਂ ਤੱਕ ਔਰਤਾਂ ਵਲੋਂ ਲਗਾਤਾਰ ਥਾਲੀਆਂ ਖੜਕਾਉਣਾ ਜਾਰੀ ਰਿਹਾ। ਉਪਰੰਤ ਗੱਲਬਾਤ ਕਰਦਿਆਂ ਸੁਸ਼ਮਾ ਸ਼ਰਮਾ ਨੇ ਕਿਹਾ ਕਿ ਸਿੰਘੂ ਬਾਰਡਰ (ਦਿੱਲੀ ) ਦੇ ਮੁੱਢ ‘ਤੇ ਬੈਠੇ ਕਿਸਾਨਾ ਦੀ ਪ੍ਰਧਾਨ ਮੰਤਰੀ ਸੁਣਵਾਈ ਨਹੀ ਕਰ ਰਹੇ ਅਤੇ ਮਨ ਕੀ ਬਾਤ ਸੁਣਨ ਲਈ ਜਨਤਾ ਨੂੰ ਮਜਬੂਰ ਕੀਤਾ ਜਾਂਦਾ ਹੈ ਜੋ ਕਿ ਅਸਲ ਵਿਚ ਲੋਕ ਸੁਣਨਾ ਹੀ ਨਹੀ ਚਾਹੁੰਦੇ। ਜੇਕਰ ਮਨ ਕੀ ਬਾਤ ਰਾਹੀਂ ਵੀ ਕਿਸਾਨਾ ਦੀ ਮੰਗ ਕਾਲੇ ਕਾਨੂੰਨ ਰੱਦ ਕਰਨ ਬਾਰੇ ਬੋਲਦੇ ਤਾਂ ਚੰਗਾ ਰਹਿੰਦਾ ਪਰ ਉਹ ਕਿਸਾਨਾ ਦੇ ਸੰਘਰਸ਼ ਨੂੰ ਅਣਗੋਲਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਬਿਲਕੁਲ ਵੀ ਜਾਇਜ ਨਹੀ ਹੈ। ਸੁਸ਼ਮਾ ਸ਼ਰਮਾ ਨੇ ਕਿਹਾ ਕਿ ਬੀਤੇ ਕਰੋਨਾ ਲਾਕਡਾਉਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਉੱਤੇ ਪੂਰੇ ਦੇਸ਼ ਨੇ ਥਾਲੀਆਂ ਖੜਕਾਈਆਂ ਸੀ ਜਿਹਨਾ ਵਿਚ ਵੱਡੀ ਗਿਣਤੀ ਕਿਸਾਨਾ ਦੀ ਵੀ ਸੀ ਪਰ ਉਹਨਾ ਮਨ ਕੀ ਬਾਤ ਵਿਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾ ਬਾਰੇ ਇਕ ਸ਼ਬਦ ਵੀ ਨਹੀ ਬੋਲਿਆ ਤੇ ਨਾ ਹੀ ਇਕ ਮਹੀਨੇ ਤੋਂ ਠੰਡ ਵਿਚ ਸੰਘਰਸ਼ ਕਰ ਰਹੇ ਕਿਸਾਨਾ ਨਾਲ ਆਪ ਗੱਲ ਕਰਨ ਨੂੰ ਤਿਆਰ ਹਨ। ਜਿਸ ਕਰਕੇ ਅੱਜ ਥਾਲੀਆਂ ਖੜਕਾ ਕੇ ਨਰਿੰਦਰ ਮੋਦੀ ਅਤੇ ਉਹਨਾਂ ਦੀ ਮਨ ਕੀ ਬਾਤ ਦਾ ਵਿਰੋਧ ਕੀਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਕਾਲੇ ਕਾਨੂੰਨਾ ਨੂੰ ਰੱਦ ਕਰਨ ਦਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਐਲਾਨ ਕੀਤਾ ਜਾਵੇ। ਇਸ ਮੌਕੇ ਕੁਲਵਿੰਦਰ ਕੌਰ, ਪ੍ਰੇਮਜੀਤ ਕੌਰ ਪੰਮੀ, ਪੂਨਮ ਬਾਲਾ, ਜਤਿੰਦਰ ਕੌਰ, ਜਸਵੀਰ ਕੌਰ, ਮਨਪ੍ਰੀਤ ਕੌਰ, ਸ਼ਵਿੰਦਰ ਕੌਰ, ਸਰਬਜੀਤ ਕੌਰ, ਸ਼ਿਵਾਨੀ ਤੇ ਗੁਰਪ੍ਰੀਤ ਕੌਰ ਆਦਿ ਹਾਜਰ ਸਨ।