ਜਲੰਧਰ /ਫਿਲੌਰ 14 ਦਸੰਬਰ : 14 ਦਸੰਬਰ ਭਾਰਤ ਦੇ ਵਰਤਮਾਨ ਮਹਾਨ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਸਾਂਝੇ ਕਿਸਾਨ ਮੋਰਚੇ ਦੇ ਕੁੱਲ ਹਿੰਦ ਸੱਦੇ  ਤੇ ਅੱਜ ਫਿਲੌਰ ਦੇ ਕਚਹਿਰੀ ਕੰਪਲੈਕਸ ਵਿੱਚ ਸੀ.ਪੀ.ਆਈ.  ( ਐਮ ) , ਪੰਜਾਬ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਕ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਨਾ ਮਾਰਿਆ ਗਿਆ ਜਿਸ ਵਿੱਚ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੇ  ਹਿੱਸਾ ਲਿਆ । ਵਕੀਲਾਂ ਦੀ ਜਥੇਬੰਦੀ ਬਾਰ ਐਸੋਸੀਏਸ਼ਨ ਫਿਲੌਰ ਦੀ ਅਗਵਾਈ ਵਿੱਚ ਫਿਲੌਰ ਦੇ ਸਮੂਹ ਵਕੀਲਾਂ ਨੇ ਪਹਿਲਾਂ ਕਿਸਾਨ ਸੰਘਰਸ਼ ਦੀ ਹਿਮਾਇਤ ਵਾਸਤੇ ਮੁਜ਼ਾਹਰਾ ਕੀਤਾ , ਐੱਸ.ਡੀ.ਐੱਮ. ਨੂੰ ਮੰਗ ਪੱਤਰ ਦਿੱਤਾ ਅਤੇ ਬਾਅਦ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਰੋਸ ਐਕਸ਼ਨ ਵਿੱਚ ਸ਼ਮੂਲੀਅਤ ਕੀਤੀ । ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. ( ਐਮ ) ਦੇ ਸੂਬਾ ਸਕੱਤਰੇਤ ਮੈਂਬਰ , ਜ਼ਿਲ•ਾ ਜਲੰਧਰ – ਕਪੂਰਥਲਾ ਦੇ ਸਕੱਤਰ ਅਤੇ ਪੰਜਾਬ ਕਿਸਾਨ ਸਭਾ ਦੇ ਸਾਬਕਾ  ਜਨਰਲ ਸਕੱਤਰ  ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਮਹਾਨ ਕਿਸਾਨ ਸੰਘਰਸ਼ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੂੰ ਇਖਲਾਕੀ ਤੌਰ ਤੇ ਕਿਸਾਨ ਸੰਘਰਸ਼ ਨੇ ਉਸੇ ਦਿਨ ਹਰਾ ਦਿੱਤਾ ਸੀ ਜਿਸ ਦਿਨ  ਹਰਿਆਣਾ ਸਰਕਾਰ ਦੀ ਸਾਰੀਆਂ ਰੋਕਾਂ , ਬੈਰੀਕੇਡਾਂ , ਲਾਠੀਆਂ , ਟੀਅਰ ਗੈਸਾਂ ਦੀਆਂ ਗੈਸਾਂ , ਜਲ ਤੋਪਾਂ ਦਾ ਮੂੰਹ ਮੋੜਦੇ ਹੋਏ ਲੱਖਾਂ ਕਿਸਾਨਾਂ ਨੇ ਦਿੱਲੀ ਨੂੰ ਘੇਰ ਲਿਆ ਸੀ । ਪਹਿਲਾਂ ਤਾਂ  ਮੋਦੀ ਸਰਕਾਰ ਕਿਸਾਨ ਸੰਘਰਸ਼ ਨੂੰ ਲਮਕਾਉਣ ਦੀ ਨੀਤੀ ਤੇ ਚੱਲ ਕੇ ਕਿਸਾਨਾਂ ਨੂੰ ਥਕਾ ਦੇਣਾ ਚਾਹੁੰਦੀ ਸੀ ਪਰ ਜਦੋਂ ਇਹ ਨੀਤੀ ਫੇਲ• ਹੋ ਗਈ ਅਤੇ 8 ਦਸੰਬਰ ਦੇ ਲਾਮਿਸਾਲ ਭਾਰਤ ਬੰਦ ਦੀ ਸਫਲਤਾ ਤੋਂ ਬਾਅਦ ਮੋਦੀ ਸਰਕਾਰ ਅਤੇ ਉਸਦੀ ਚਾਪਲੂਸ ਜੁੰਡਲੀ  ਕਿਸਾਨ ਸੰਘਰਸ਼ ਵਿਰੁੱਧ ਖ਼ਤਰਨਾਕ ਅਤੇ ਘਟੀਆ ਕਿਸਮ ਦੀ ਦੁਸ਼ਮਣੀ ਬਾਜ਼ੀ ਕਰਨ ਦੇ ਰਾਹ ਤੇ ਚੱਲ ਪਈ ਹੈ । ਰੇਲ ਮੰਤਰੀ ਪਿਊਸ਼ ਗੋਇਲ , ਪੰਜਾਬ ਦੀ ਬੀ.ਜੇ.ਪੀ. ਆਗੂ ਹਰਜੀਤ ਸਿੰਘ ਗਰੇਵਾਲ ਅਤੇ ਬੀ.ਜੇ.ਪੀ. ਦੇ ਅਨੇਕਾਂ ਵੱਡੇ ਛੋਟੇ ਆਗੂਆਂ  ਨੇ ਲਗਾਤਾਰ ਇਹੋ ਜਿਹੀ ਘਟੀਆ ਬਿਆਨਬਾਜ਼ੀ ਸ਼ੁਰੂ ਕੀਤੀ ਹੋਈ ਹੈ ਕਿ ਇਹ ਤਾਂ ਕਿਸਾਨ ਸੰਘਰਸ਼ ਹੈ ਹੀ ਨਹੀਂ । ਇਹ ਤਾਂ ਵਿਚੋਲਿਆਂ ਦਾ ਸੰਘਰਸ਼ ਹੈ । ਇਸ ਕਿਸਾਨ ਸੰਘਰਸ਼ ਵਿੱਚ ਤਾਂ ਦੇਸ਼ ਵਿਰੋਧੀ ਸ਼ਕਤੀਆਂ , ਖੱਬੇ ਪੱਖੀ , ਕਮਿਊਨਿਸਟ ,  ਮਾਓਵਾਦੀ ਨਕਸਲਾਈਟ  , ਸ਼ਹਿਰੀ ਨਕਸਲੀ ਘੁਸ ਗਏ ਹਨ ਅਤੇ ਉਨ•ਾਂ ਨੇ ਕਿਸਾਨ ਸੰਘਰਸ਼ ਨੂੰ ਅਗਵਾ ਕਰ ਲਿਆ ਹੈ । ਇਨ•ਾਂ ਬਿਆਨਾਂ ਵਿਚ ਕਮਿਊਨਿਸਟਾਂ ਅਤੇ ਖੱਬੇ ਪੱਖੀਆਂ ਨੂੰ ਦੇਸ਼ ਦੇ ਦੁਸ਼ਮਣ ਗ਼ੱਦਾਰ ਅਤੇ ਦੇਸ਼ ਨੂੰ ਤੋੜਨ ਵਾਲੇ ਕਿਹਾ ਜਾ ਰਿਹਾ ਹੈ । ।ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸੰਘਰਸ਼ ਪਿੱਛੇ ਚੀਨ , ਪਾਕਿਸਤਾਨ ਅਤੇ ਖਾਲਿਸਤਾਨੀ ਹਨ । ਕਾਮਰੇਡ ਤੱਗੜ ਨੇ ਕਿਹਾ ਕਿ ਇਹ ਗੁਮਰਾਹਕੁੰਨ ਅਤੇ ਜ਼ਹਿਰੀਲੀ ਮੁਹਿੰਮ ਸੰਕੇਤ ਕਰ ਰਹੀ ਹੈ ਕਿ ਮੋਦੀ ਸਰਕਾਰ ਦੇ ਇਰਾਦੇ ਨੇਕ ਨਹੀਂ  ਸਗੋਂ ਖ਼ਤਰਨਾਕ ਹਨ । ਉਹ ਕਿਸਾਨ ਸੰਘਰਸ਼ ਨੂੰ ਬਦਨਾਮ ਕਰਕੇ ਇਸ ਨੂੰ ਖਦੇੜਨ ਅਤੇ ਦੇਸ਼ ਦੀਆਂ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਵਿਰੁੱਧ ਹਮਲਾ ਬੋਲਣ ਦੀਆਂ ਗੋਂਦਾਂ ਗੁੰਦ ਰਹੀ ਹੈ । ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਹੱਨਨ ਮੌਲਾ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਸੀ.ਪੀ.ਆਈ. ( ਐਮ ) ਦਾ  ਪੋਲਿਟ ਬਿਊਰੋ ਮੈਂਬਰ ਹੈ । ਕਾਮਰੇਡ ਤੱਗੜ ਨੇ ਪੁੱਛਿਆ ਕਿ ਕੀ ਸੀ.ਪੀ.ਆਈ. ( ਐਮ ) ਕੋਈ ਗੈਰਕਾਨੂੰਨੀ ਪਾਰਟੀ ਹੈ ? ਕੀ ਸੀ.ਪੀ.ਆਈ. ( ਐਮ. ) ਇਕੱਲੀ ਹੀ ਪਾਰਟੀ ਹੈ ਜੋ ਕਿਸਾਨ ਸੰਘਰਸ਼ ਦੀ ਹਮਾਇਤ ਕਰਦੀ ਆ ਰਹੀ ਹੈ  ? ਉਨ•ਾਂ ਕਿਹਾ ਕਿ ਬੀ.ਜੇ.ਪੀ. ਨੂੰ ਛੱਡ ਕੇ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਕਿਸਾਨ ਸੰਘਰਸ਼  ਦੀ ਹਮਾਇਤ ਕਰ ਰਹੀਆਂ ਹਨ । ਕੀ ਦੇਸ਼ ਦੀਆਂ ਬਾਕੀ ਸਾਰੀਆਂ ਪਾਰਟੀਆਂ ਦੇਸ਼ ਵਿਰੋਧੀ ਹਨ ਤੇ ਇਕੱਲੀ ਬੀ.ਜੇ.ਪੀ. ਹੀ ਦੇਸ਼ ਭਗਤ ਰਹਿ ਗਈ ਹੈ ? ਅਸਲੀ ਗੱਲ ਇਹ ਹੈ ਕਿ ਇਸ ਮਹਾਨ ਕਿਸਾਨ ਸੰਘਰਸ਼ ਨੇ ਮੋਦੀ ਸਰਕਾਰ ਦੀਆਂ ਜੜ•ਾਂ ਹਿਲਾ ਦਿੱਤੀਆਂ ਹਨ ਅਤੇ ਇਸ ਦੇ ਸਾਰੇ ਫ਼ਿਰਕੂ ਫਾਸ਼ੀ ਹਿੰਦੂ ਰਾਸ਼ਟਰਵਾਦੀ ਏਜੰਡੇ ਮੂਧੇ ਮੂੰਹ ਕਰ ਦਿੱਤੇ ਹਨ ਜਿਸ ਕਰਕੇ ਮੋਦੀ ਸਰਕਾਰ ਬੁਖਲਾ ਗਈ ਹੈ । ਕਾਮਰੇਡ ਤੱਗੜ ਨੇ ਅੰਤ ਵਿੱਚ ਮੰਗ ਕੀਤੀ  ਕਿ ਮੋਦੀ ਸਰਕਾਰ ਹੰਕਾਰ ਛੱਡੇ , ਵੱਕਾਰ ਦਾ ਸਵਾਲ ਨਾ ਬਣਾਵੇ , ਇਸ ਇਤਿਹਾਸਕ ਸੰਘਰਸ਼ ਜਿਸ ਦੀ ਹਮਾਇਤ ਯੂ.ਐੱਨ.ਓ. ਤੱਕ ਵੀ  ਸੰਸਾਰ ਦੀ ਸਭ ਤੋਂ ਵੱਡੀ ਸੰਸਥਾ ਨੇ ਵੀ ਕੀਤੀ ਹੈ , ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਕੇ ਸਥਿਤੀ ਨੂੰ ਨਾਰਮਲ ਬਣਾਵੇ ਅਤੇ ਆਪਣੀ ਜ਼ਿੰਮੇਵਾਰੀ ਨਿਭਾਵੇ  । ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਹੋਕਾ ਦਿੱਤਾ ਕਿ ਉਹ ਵਹੀਰਾਂ ਘੱਤ ਕੇ ਦਿੱਲੀ ਵੱਲ ਨੂੰ ਚਾਲੇ ਪਾ ਦੇਣ । ਉਨ•ਾਂ ਕਿਹਾ ਕਿ ਇਹ ਸੰਘਰਸ਼ ਹੁਣ ਆਪਣੇ ਮੁਕਾਮ ਤੱਕ ਪਹੁੰਚ ਕੇ ਅਤੇ ਜਿੱਤ ਪ੍ਰਾਪਤ ਕਰਕੇ ਹੀ ਮੁੱਕੇਗਾ । ਕਾਮਰੇਡ ਬਾਸੀ ਨੇ ਮੋਦੀ ਸਰਕਾਰ ਦੀਆਂ ਕੁਟਲ ਨੀਤੀਆਂ ਦੀ ਨਿਖੇਧੀ ਕਰਦਿਆਂ ਉਨ•ਾਂ ਦਾ ਮੂੰਹ ਤੋੜ ਜਵਾਬ ਦੇਣ ਦਾ ਸੱਦਾ ਦਿੱਤਾ ।।ਇਸ ਮੌਕੇ ਬਾਰ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਐਡਵੋਕੇਟ ਅਸ਼ਵਨੀ ਕੁਮਾਰ ਬੋਪਾਰਾਏ , ਐਡਵੋਕੇਟ ਅਜੈ ਫਿਲੌਰ , ਕੁਲ ਹਿੰਦ  ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਮੇਲਾ ਸਿੰਘ ਰੁੜਕਾ ਕਲਾਂ, ਜ਼ਿਲ•ਾ ਸਕੱਤਰ ਮੂਲ ਚੰਦ ਸਰਹਾਲੀ , ਤਹਿਸੀਲ ਸਕੱਤਰ  ਪ੍ਰਸ਼ੋਤਮ ਬਿਲਗਾ ,  ਸੁਖਦੇਵ ਸਿੰਘ ਬਾਸੀ , ਪਿਆਰਾ ਸਿੰਘ ਲਸਾੜਾ,  ਗੁਰਪਰਮਜੀਤ ਕੌਰ ਤੱਗੜ , ਦਿਆਲ ਸਿੰਘ ਢੰਡਾ , ਗੁਰਮੇਲ ਸਿੰਘ ਨਾਹਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।। ਅੰਤ ਵਿੱਚ  ਫਿਲੌਰ ਦੇ ਐੱਸ.ਡੀ.ਐੱਮ. ਡਾ. ਵਿਨੀਤ ਕੁਮਾਰ ਪੀ.ਸੀ.ਐਸ. ਨੇ ਆਪ ਧਰਨੇ ਵਿਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਸੰਬੋਧਨ ਕਰਦੇ ਹੋਏ ਯਕੀਨ ਦਿਵਾਇਆ ਕਿ ਇਹ ਮੰਗ ਪੱਤਰ ਪ੍ਰਧਾਨ ਮੰਤਰੀ ਦਫ਼ਤਰ ਤਕ ਜ਼ਰੂਰੀ ਤੌਰ ਤੇ ਪਹੁੰਚਾਇਆ ਜਾਵੇਗਾ।