ਫਗਵਾੜਾ 15 ਦਸੰਬਰ (ਸ਼ਿਵ ਕੋੜਾ) ਕੇਂਦਰ ਦੀ ਮੋਦੀ ਸਰਕਾਰ ਆਪਣਾ ਅੜੀਅਲ ਵਤੀਰਾ ਛੱਡ ਕੇ ਕਾਲੇ ਖੇਤੀ ਕਾਨੂੰਨਾ ਨੂੰ ਤੁਰੰਤ ਰੱਦ ਕਰੇ ਅਤੇ ਭਾਜਪਾ ਆਗੂ ਬੇਤੁਕੀ ਬਿਆਨਬਾਜੀ ਕਰਕੇ ਇਸ ਅੰਦੋਲਨ ਨੂੰ ਕਮਜੋਰ ਕਰਨ ਤੋਂ ਗੁਰੇਜ ਕਰਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਅੱਜ ਇੱਥੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਜਦੋਂ ਕਿਸਾਨ ਹੀ ਨਹੀਂ ਚਾਹੁੰਦੇ ਕਿ ਉਹਨਾਂ ਲਈ ਇਹਨਾਂ ਕਾਲੇ ਕਾਨੂੰਨਾ ਨੂੰ ਲਾਗੂ ਕੀਤਾ ਜਾਵੇ ਤਾਂ ਸਰਕਾਰ ਲਾਗੂ ਕਰਨ ਦੀ ਜਿੱਦ ਕਿਉਂ ਕਰ ਰਹੀ ਹੈ। ਉਹਨਾਂ ਅੰਦੋਲਨ ਕਰ ਰਹੇ ਕਿਸਾਨਾ ਤੇ ਮਜਦੂਰਾਂ ਨੂੰ ਵੀ ਸੁਚੇਤ ਕੀਤਾ ਕਿ ਮੋਦੀ ਸਰਕਾਰ ਦੀਆਂ ਫੁੱਟ ਪਾਉਣ ਵਾਲੀਆਂ ਕੋਝੀਆਂ ਚਾਲਾਂ ਤੋਂ ਸਾਵਧਾਨ ਰਹਿੰਦੇ ਹੋਏ ਸੰਘਰਸ਼ ਨੂੰ ਹੋਰ ਤੇਜ ਕਰਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀ ਮੰਸ਼ਾ ਇਹ ਹੈ ਕਿ ਕਿਸਾਨਾ ਨੂੰ ਬੰਧੂਆ ਮਜਦੂਰ ਬਣਾ ਕੇ ਖੇਤੀ ਨੂੰ ਅਡਾਨੀ-ਅੰਬਾਨੀ ਵਰਗੇ ਵੱਡੇ ਕਾਰਪੋਰੇਟਾਂ ਦੀ ਇੰਡਸਟਰੀ ਬਣਾ ਦਿੱਤਾ ਜਾਵੇ। ਉਹਨਾਂ ਕਿਸਾਨ ਅੰਦੋਲਨ ਨੂੰ ਕਮੇਟੀ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ।