ਫਗਵਾੜਾ 10 ਦਸੰਬਰ (ਸ਼ਿਵ ਕੋੜਾ) ਅੰਬੇਡਕਰ ਸੈਨਾ ਦੇ ਚੇਅਰਮੈਨ ਰਜਿੰਦਰ ਘੇੜਾ ਸਮਾਜ ਸੇਵਕ, ਕੁਲਵੰਤ ਭੁੱਟੋ ਜਨਰਲ ਸਕੱਤਰ, ਧਰਮਿੰਦਰ ਸਿੰਘ ਭੁੱਲਾਰਾਈ ਸਪੋਕਸਮੈਨ ਅਤੇ ਸੰਦੀਪ ਦੀਪਾ ਨੇ ਅੱਜ ਇੱਥੇ ਜਾਰੀ ਇਕ ਸਾਂਝੇ ਬਿਆਨ ਵਿਚ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ ਕਿਉਂਕਿ ਕਿਸਾਨਾ ਵਿਚ ਇਹਨਾਂ ਕਾਨੂੰਨਾ ਲੈ ਕੇ ਭਾਰੀ ਵਿਰੋਧ ਹੈ ਅਤੇ ਕਿਸਾਨ ਚਾਹੁੰਦੇ ਹਨ ਕਿ ਅਜਿਹੇ ਕਾਨੂੰਨ ਲਾਗੂ ਕਰਕੇ ਉਹਨਾਂ ਨੂੰ ਤਬਾਹ ਕਰਨ ਤੋਂ ਗੁਰੇਜ ਕੀਤਾ ਜਾਵੇ। ਉਹਨਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਦਾ ਪੰਦਰਾਂ ਦਿਨ ਤੋਂ ਸਰਦੀ ਦੇ ਮੌਸਮ ‘ਚ ਬੱਚਿਆਂ, ਬਜੁਰਗਾਂ ਅਤੇ ਔਰਤਾਂ ਸਮੇਤ ਸੜਕਾਂ ਉੱਪਰ ਬੈਠਣਾ ਮੋਦੀ ਸਰਕਾਰ ਲਈ ਸ਼ਰਮ ਦੀ ਗੱਲ ਹੈ। ਮੋਦੀ ਸਰਕਾਰ ਆਪਣੇ ਹੰਕਾਰ ਦਾ ਪ੍ਰਗਟਾਵਾ ਬੰਦ ਕਰੇ ਅਤੇ ਦੇਸ਼ ਦੇ ਕਿਸਾਨ ਦੀ ਗੱਲ ਨੂੰ ਮੰਨਦੇ ਹੋਏ ਮੋਜੂਦਾ ਨਵੇਂ ਕਾਨੂੰਨ ਰੱਦ ਕਰਕੇ ਕਿਸਾਨਾ ਦੀ ਸਹਿਮਤੀ ਨਾਲ ਉਹਨਾਂ ਦੀ ਭਲਾਈ ਲਈ ਕਦਮ ਚੁੱਕੇ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇਕਰ ਆਰ.ਐਸ.ਐਸ. ਦੇ ਇਸ਼ਾਰੇ ‘ਤੇ ਕੰਮ ਕਰਦੀ ਮੋਦੀ ਸਰਕਾਰ ਕਿਸਾਨਾ ਦੀ ਮੰਗ ਨੂੰ ਸਵੀਕਾਰ ਨਹੀਂ ਕਰਦੀ ਤਾਂ ਇਸ ਤਾਨਾਸ਼ਾਹੀ ਸਰਕਾਰ ਨੂੰ ਸੱਤਾ ਤੋਂ ਲਾਂਬੇ ਕਰਨ ਲਈ ਪਹਿਲ ਕਦਮੀ ਕੀਤੀ ਜਾਵੇ। ਉਹਨਾਂ ਦਿੱਲੀ ਵਿਚ ਰਹਿੰਦੇ ਕਿਸਾਨ ਪਰਿਵਾਰਾਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਪੰਜਾਬ ਦੇ ਕਿਸਾਨਾ ਦਾ ਭਰਪੂਰ ਸਹਿਯੋਗ ਕੀਤਾ ਜਾਵੇ। ਉਹਨਾਂ ਕਿਸਾਨਾ ਦੇ ਇਸ ਅੰਦੋਲਨ ਨੂੰ ਹਰ ਤਰਾ ਦਾ ਸਮਰਥਨ ਦੇਣ ਦਾ ਭਰੋਸਾ ਵੀ ਦਿੱਤਾ।