ਜਲੰਧਰ, 4 ਦਸੰਬਰ 2020
ਆਮ ਆਦਮੀ ਪਾਰਟੀ ਪੰਜਾਬ (ਆਪ) ਦੇ ਸੀਨੀਅਰ ਆਗੂ ਤੇ ਤਲਵੰਡੀ ਸਾਬੋ MLA ਪ੍ਰੋਫੈਸਰ ਬਲਜਿੰਦਰ ਕੌਰ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਐਵਾਰਡ ਵਾਪਸ ਕਰਨ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਐਨਡੀਏ ਦਾ ਹਿੱਸਾ ਹੁੰਦੇ ਹੋਏ ਇਹ ਕਾਲੇ ਕਾਨੂੰਨ ਬਣਨ ਹੀ ਨਾ ਦਿੰਦੇ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਉਨ੍ਹਾਂ ਕਿਹਾ ਕਿ ਜਦੋਂ ਬਾਦਲਾਂ ਕੋਲ ਮੋਦੀ ਸਰਕਾਰ ਨੂੰ ਖੇਤੀ ਮਾਰੂ ਕਾਨੂੰਨ ਬਣਾਉਣ ਤੋਂ ਰੋਕਣ ਦੀ ਤਾਕਤ ਸੀ ਉਸ ਸਮੇਂ ਇਸ ਪਰਿਵਾਰ ਨੇ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਗਹਿਣੇ ਧਰ ਦਿੱਤਾ।ਇੱਕ ਪ੍ਰੈਸ ਬਿਆਨ ਰਾਹੀਂ ਪ੍ਰੋਫੈਸਰ ਬਲਜਿੰਦਰ ਕੌਰ ਨੇ ਜਿੱਥੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਖਿਡਾਰੀਆਂ, ਲੇਖਕਾਂ ਤੇ ਹੋਰ ਹਸਤੀਆਂ ਵੱਲੋਂ ਕੌਮੀ ਐਵਾਰਡ ਵਾਪਸ ਕਰਨ ਦੀ ਮੁਹਿੰਮ ਦਾ ਸਵਾਗਤ ਕੀਤਾ, ਉੱਥੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਵਾਰਡ ਵਾਪਸ ਕਰਨ ਨੂੰ ਡਰਾਮਾ ਕਰਾਰ ਦਿੱਤਾ।ਬਲਜਿੰਦਰ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਦਾ ਹਿੱਸਾ ਹੁੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰਾ ਬਾਦਲ ਪਰਿਵਾਰ ਨੇ ਇਨ੍ਹਾਂ ਮਾਰੂ ਖੇਤੀ ਬਿੱਲਾਂ ਨੂੰ ਬਹੁਤ ਅੱਛੇ ਦੱਸ ਕੇ ਪੰਜਾਬ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪ੍ਰੰਤੂ ਜਦੋਂ ਕਿਸਾਨਾਂ ਸਮੇਤ ਸਾਰਾ ਪੰਜਾਬ ਖ਼ਿਲਾਫ਼ ਹੋ ਗਿਆ ਅਤੇ ਪਿੰਡਾਂ ਵਿਚ ਬਾਦਲ ਦਲ ਤੇ ਭਾਜਪਾ ਦੀ ”ਨੋ ਐਂਟਰੀ” ਦੇ ਬੋਰਡ ਲਗਾ ਦਿੱਤੇ ਉਦੋਂ ਤੋਂ ਬਾਦਲ ਪਰਿਵਾਰ ਚੀਚੀ ਨੂੰ ਖ਼ੂਨ ਲਗਾਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਦਲ ਵੱਲੋਂ ਐਵਾਰਡ ਵਾਪਸ ਕਰਨ ਦਾ ਫ਼ੈਸਲਾ ਵੀ ਉਸੇ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ।