ਫਗਵਾੜਾ 3 ਮਾਰਚ (ਸ਼਼ਿਵ ਕੋੋੜਾ) ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਰੇਹੜੀ ਅਤੇ ਫੜੀ ਵਾਲਿਆਂ ਨੂੰ ਆਰਥਕ ਸਹਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਸਵੈ ਨਿਧੀ ਕਰਜ਼ ਯੋਜਨਾ ਤਹਿਤ ਸਰਕਾਰੀ ਲਾਇਬ੍ਰੇਰੀ ਵਿਖੇ ਇਕ ਕੈਂਪ ਲਗਾ ਕੇ ਲਗਾਤਾਰ ਲੋੜਵੰਦਾਂ ਦੇ ਫਾਰਮ ਭਰੇ ਜਾ ਰਹੇ ਹਨ। ਇਸ ਤੋਂ ਇਲਾਵਾ ਜਿਹਨਾਂ ਦੇ ਨੀਲੇ ਕਾਰਡ ਬਣੇ ਹੋਏ ਹਨ ਉਹ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਵੀ ਕਾਰਡ ਬਣਵਾ ਸਕਦੇ ਹਨ। ਇਹ ਜਾਣਕਾਰੀ ਕਾਰਪੋਰੇਸ਼ਨ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਲਾਇਬ੍ਰੇਰੀ ਹਾਲ ਵਿਚ ਜਾਰੀ ਕੈਂਪ ਦੌਰਾਨ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਚਲਾਈਆਂ ਉਕਤ ਯੋਜਨਾਵਾਂ ਦਾ ਲਾਭ ਲੈਣ ਲਈ ਕੋਈ ਵੀ ਲੋੜਵੰਦ ਰੋਜਾਨਾ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਨਗਰ ਨਿਗਮ ਲਾਇਬ੍ਰੇਰੀ ਹਾਲ ਵਿਚ ਆਕੇ ਆਪਣਾ ਆਨਲਾਈਨ ਫਾਰਮ ਭਰਵਾ ਸਕਦਾ ਹੈ। ਕਰਜ ਸਕੀਮ ਤਹਿਤ ਪ੍ਰਾਥੀ ਨੂੰ ਅਧਾਰ ਕਾਰਡ ਅਤੇ ਬੈਂਕ ਬਚਤ ਖਾਤੇ ਦੀ ਪਾਸਬੁੱਕ ਨਾਲ ਲੈ ਕੇ ਆਉਣ ਦੀ ਹਦਾਇਤ ਕਰਦਿਆਂ ਉਹਨਾਂ ਦੱਸਿਆ ਕਿ ਸਰਕਾਰ ਵਲੋਂ ਦਿੱਤਾ ਜਾ ਰਿਹਾ 10 ਹਜਾਰ ਰੁਪਏ ਦਾ ਕਰਜਾ 800 ਰੁਪਏ ਦੀਆਂ ਬਾਰਾਂ ਕਿਸ਼ਤਾਂ ਵਿਚ ਵਾਪਸ ਕਰਨਾ ਹੈ ਜੋ ਕੁਲ ਰਕਮ ਸਿਰਫ 9600 ਰੁਪਏ ਬਣਦੀ ਹੈ। ਹੁਣ ਤਕ ਇਕ ਹਜਾਰ ਤੋਂ ਵੱਧ ਰੇਹੜੀ ਫੜੀ ਵਾਲੇ ਕਰਜ ਯੋਜਨਾ ਦਾ ਲਾਭ ਉਠਾ ਚੁੱਕੇ ਹਨ। ਜੇਕਰ ਕਿਸੇ ਨੂੰ ਅਪਲਾਈ ਕਰਨ ਤੋਂ ਬਾਅਦ ਕਰਜਾ ਨਹੀਂ ਮਿਲਿਆ ਤਾਂ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਤਾਂ ਜੋ ਇਤਰਾਜ ਦੂਰ ਕਰਕੇ ਸਕੀਮ ਤਹਿਤ ਕਰਜਾ ਪ੍ਰਾਪਤ ਕੀਤਾ ਜਾ ਸਕੇ। ਬੀਮਾ ਯੋਜਨਾ ਵਿਚ ਮੋਦੀ ਸਰਕਾਰ ਪੰਜ ਲੱਖ ਰੁਪਏ ਤੱਕ ਦਾ ਇਲਾਜ ਫਰੀ ਕਰਨ ਦੀ ਸੁਵਿਧਾ ਦਿੰਦੀ ਹੈ ਜਿਸਦਾ ਹਰ ਗਰੀਬ ਤੇ ਲੋੜਵੰਦ ਨੂੰ ਲਾਭ ਉਠਾਉਣਾ ਚਾਹੀਦਾ ਹੈ।