ਫਗਵਾੜਾ 31 ਮਈ (ਸ਼ਿਵ ਕੋੜਾ) ਕਾਂਗਰਸ ਅਤੇ ਇਸ ਦੀਆਂ ਭਾਈਵਾਲ ਪਾਰਟੀਆਂ ਨੇ ਆਜਾਦੀ ਤੋਂ ਬਾਅਦ ਪੰਜਾਹ ਸਾਲ ਤੋਂ ਵੱਧ ਦੇਸ਼ ਦੀ ਸੱਤਾ ਸੰਭਾਲੀ ਲੇਕਿਨ ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਕਾਫੀ ਪਿਛੜਿਆ ਰਿਹਾ। ਇੱਥੋਂ ਤੱਕ ਕਿ ਦੁਨੀਆ ‘ਚ ਭਾਰਤ ਦੀ ਪਛਾਣ ਭੁਖਮਰੀ ਨਾਲ ਜੂਝ ਰਹੇ ਸਪੇਰਿਆਂ ਦੇ ਦੇਸ਼ ਵਜੋਂ ਬਣ ਕੇ ਰਹਿ ਗਈ ਸੀ। ਜਦਕਿ ਭਾਰਤ ਦੇ ਨਾਲ ਹੀ ਆਜਾਦ ਹੋਏ ਰੂਸ ਅਤੇ ਚੀਨ ਨੇ ਕਾਫੀ ਤਰੱਕੀ ਕੀਤੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਵਰਕਰ ਲੱਕੀ ਸਰਵਟਾ ਅਤੇ ਉਹਨਾਂ ਦੀ ਧਰਮ ਪਤਨੀ ਇੰਦੂ ਸਰਵਟਾ ਉੱਘੀ ਸਮਾਜ ਸੇਵਿਕਾ ਵਾਰਡ ਨੰਬਰ 5 ਨੇ ਕੀਤਾ। ਉਹਨਾਂ ਕਿਹਾ ਕਿ ਜੋ ਕਾਂਗਰਸੀ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਰਕਾਰ ਦੀ ਨੁਕਤਾਚੀਨੀ ਕਰਦੇ ਹਨ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ 2014 ਤੋਂ ਬਾਅਦ ਦੇਸ਼ ਵਿਚ ਕੋਈ ਵੀ ਘੋਟਾਲਾ ਨਹੀਂ ਹੋਇਆ ਜਦਕਿ ਇਸ ਤੋਂ ਪਹਿਲਾਂ ਹਰ ਸਾਲ ਕਰੋੜਾਂ ਅਰਬਾਂ ਰੁਪਏ ਦੇ ਘੋਟਾਲੇ ਚਰਚਾ ਵਿਚ ਰਹਿੰਦੇ ਸਨ। ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਭਾਰਤ ਦੀ ਦੁਨੀਆ ਅੰਦਰ ਇਕ ਵੱਖਰੀ ਤੇ ਚੰਗੀ ਪਹਿਚਾਣ ਬਣੀ ਹੈ। ਅੱਜ ਦੁਨੀਆ ਪੱਧਰ ਤੇ ਕੋਈ ਵੀ ਵੱਡਾ ਫੈਸਲਾ ਭਾਰਤ ਦੀ ਰਾਏ ਤੋਂ ਬਿਨਾਂ ਨਹੀਂ ਲਿਆ ਜਾਂਦਾ। ਜਿਸਦੇ ਲਈ ਮੋਦੀ ਸਰਕਾਰ ਦੀ ਕਾਰਗਰ ਵਿਦੇਸ਼ ਨੀਤੀ ਹੈ। ਕੋਰੋਨਾ ਨਾਲ ਨਜਿੱਠਣ ਵਿਚ ਮੋਦੀ ਸਰਕਾਰ ਦੀ ਨੀਤੀ ਹੀ ਸੀ ਕਿ ਪਿਛਲੇ ਸਾਲ ਬਿਨਾ ਕਿਸੇ ਸਾਧਨ ਭਾਰਤ ਨੇ ਪਹਿਲੀ ਲਹਿਰ ਨੂੰ ਦੇਸ਼ ਵਿਚ ਫੈਲਣ ਨਹੀਂ ਦਿੱਤਾ। ਦੂਸਰੀ ਲਹਿਰ ਲਈ ਵੀ ਸੂਬਾ ਸਰਕਾਰਾਂ ਜਿੰਮੇਵਾਰ ਹਨ ਜਿਹਨਾਂ ਨੇ ਪਹਿਲੀ ਲਹਿਰ ਸਮੇਂ ਕਿਹਾ ਸੀ ਕਿ ਲਾਕਡਾਉਨ ਲਗਾਉਣ ਦਾ ਅਧਿਕਾਰ ਸੂਬਿਆਂ ਨੂੰ ਦਿੱਤਾ ਜਾਵੇ। ਮੋਦੀ ਸਰਕਾਰ ਦੀ ਬਦੌਲਤ ਹੀ ਭਾਰਤ ਨੇ ਕੋਰੋਨਾ ਵੈਕਸੀਨ ਇਜਾਦ ਕੀਤੀ ਪਰ ਇੱਥੇ ਵੀ ਕਾਂਗਰਸ ਨੇ ਆਮ ਜਨਤਾ ਨੂੰ ਗੁਮਰਾਹ ਕਰਕੇ ਵੈਕਸੀਨ ਨਾ ਲਗਵਾਉਣ ਲਈ ਪ੍ਰੇਰਿਆ ਜਿਸ ਕਾਰਨ ਦੂਸਰੀ ਲਹਿਰ ਜਿਆਦਾ ਖਤਰਨਾਕ ਹੋਈ। ਲੱਕੀ ਸਰਵਟਾ ਨੇ ਕਿਹਾ ਕਿ ਭਾਰਤ ਦੀ ਖੁਸ਼ਕਿਸਮਤੀ ਹੈ ਕਿ ਨਰਿੰਦਰ ਮੋਦੀ ਵਰਗਾ ਇਮਾਨਦਾਰ ਪ੍ਰਧਾਨ ਮੰਤਰੀ ਮਿਲਿਆ ਹੈ ਪਰ ਕਾਂਗਰਸੀ ਆਗੂਆਂ ਨੂੰ ਸੱਤਾ ਤੋਂ ਦੂਰੀ ਬਰਦਾਸ਼ਤ ਨਹੀਂ ਹੋ ਰਹੀ।