ਜਲੰਧਰ 21 ਅਗਸਤ : ਸੀ.ਪੀ.ਆਈ. ( ਐਮ. ) ਤਹਿਸੀਲ ਕਮੇਟੀ ਜਲੰਧਰ ਦੀ 23ਵੀਂ ਜਥੇਬੰਦਕ ਕਾਨਫ਼ਰੰਸ ਇੱਥੇ ਪਾਰਟੀ ਦਫਤਰ ਵਿਖੇ ਹੋਈ । ਕਾਮਰੇਡ ਵੀ ਵੀ ਐਂਥਨੀ , ਰਤਨ ਸਿੰਘ ਜਮਸ਼ੇਰ ਅਤੇ ਪਰਮਜੀਤ ਸੰਸਾਰਪੁਰ ਤੇ ਆਧਾਰਿਤ  ਪ੍ਰਧਾਨਗੀ ਮੰਡਲ ਨੇ ਪ੍ਰਧਾਨਗੀ ਕੀਤੀ । ਸਭ ਤੋਂ ਪਹਿਲਾਂ ਵਿਛੜੇ ਸਾਥੀਆਂ ਅਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਕਾਨਫਰੰਸ ਦਾ ਉਦਘਾਟਨ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ  ਸੇਖੋਂ ਨੇ ਕੀਤਾ । ਇਸ ਮੌਕੇ ਤੇ ਕਾਮਰੇਡ ਸੇਖੋਂ ਨੇ ਕਿਹਾ ਕਿ ਇਸ ਸਮੇਂ ਹਿੰਦੂ ਰਾਸ਼ਟਰਵਾਦੀ , ਫਿਰਕੂ ਫਾਸ਼ੀ  ਵਿਚਾਰਧਾਰਾ ਵਾਲੀ ਮੋਦੀ ਸਰਕਾਰ ਨੂੰ ਗੱਦੀ ਤੋਂ ਲਾਹੁਣਾ ਸੀ.ਪੀ.ਆਈ. ( ਐਮ. ) ਸਾਹਮਣੇ ਸਭ ਤੋਂ ਮਹੱਤਵਪੂਰਨ ਕਾਰਜ ਹੈ । ਪਾਰਟੀ ਦੇਸ਼ ਦੀਆਂ ਸਾਰੀਆਂ ਖੱਬੀਆਂ , ਜਮਹੂਰੀ , ਧਰਮ ਨਿਰਪੱਖ ਸ਼ਕਤੀਆਂ ਨੂੰ ਇਸ ਮੰਤਵ ਲਈ ਇੱਕ ਮੰਚ ਤੇ ਇਕੱਠਾ ਕਰਨ ਲਈ ਯਤਨਸ਼ੀਲ ਹੈ ।  ਕਾਮਰੇਡ ਸੇਖੋਂ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਦੇ ਰੋਹ ਨੂੰ ਖ਼ਤਮ ਕੀਤਾ ਜਾਵੇ  । ਜ਼ਿਲ੍ਹਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ  ਸੀ.ਪੀ.ਆਈ. ( ਐਮ. ) ਦੇ ਪਾਰਟੀ ਪ੍ਰੋਗਰਾਮ ਦੀ ਵਿਆਖਿਆ ਕਰਦਿਆਂ ਕਿਹਾ ਕਿ ਮਜ਼ਦੂਰਾਂ , ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੂੰ ਜਥੇਬੰਦ ਕਰਕੇ ਦੇਸ਼ ਵਿਚ ਲੋਕ ਜਮਹੂਰੀ ਇਨਕਲਾਬ ਨੂੰ  ਨੇਪਰੇ ਚਾੜ੍ਹਨਾ ਸੀ.ਪੀ.ਆਈ. ( ਐਮ. ) ਦਾ ਵਰਤਮਾਨ ਦੌਰ ਦਾ ਪ੍ਰੋਗਰਾਮ ਹੈ ।  ਕਾਮਰੇਡ ਤੱਗੜ ਨੇ ਕਿਹਾ ਕਿ ਪਿਛਲੀ ਅੱਧੀ ਸਦੀ ਤੋਂ ਵੱਧ ਦੇ ਤਜਰਬੇ ਨੇ ਸੀ.ਪੀ.ਆਈ. ( ਐਮ. ) ਦੇ ਇਸ ਪ੍ਰੋਗਰਾਮ ਨੂੰ  ਸਹੀ ਸਾਬਤ ਕੀਤਾ ਹੈ ।  ਇਸ ਤੋਂ ਬਾਅਦ ਤਹਿਸੀਲ ਸਕੱਤਰ ਕਾਮਰੇਡ ਕੇਵਲ ਸਿੰਘ ਹਜ਼ਾਰਾ ਨੇ ਪਿਛਲੇ ਸਮੇਂ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਭਰਵੀਂ ਬਹਿਸ ਤੋਂ ਬਾਅਦ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ । ਅੰਤ ਵਿੱਚ ਕਾਮਰੇਡ ਤੱਗੜ ਵਲੋਂ ਪਿਛਲੀ ਤਹਿਸੀਲ ਕਮੇਟੀ ਵੱਲੋਂ ਤਜਵੀਜ਼ ਕੀਤੇ ਗਏ 18 ਨਾਵਾਂ ਦਾ ਪੈਨਲ ਅਜਲਾਸ ਸਾਹਮਣੇ ਪੇਸ਼ ਕੀਤਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ ।  ਇਸ ਪ੍ਰਕਾਰ ਕੁੱਲ 21 ਮੈਂਬਰੀ ਤਹਿਸੀਲ ਕਮੇਟੀ ਚੁਣੀ ਗਈ ।  ਤਿੰਨ ਸੀਟਾਂ ਖਾਲੀ ਰੱਖੀਆਂ ਗਈਆਂ  । ਨਵੀਂ ਚੁਣੀ ਗਈ ਤਹਿਸੀਲ ਕਮੇਟੀ ਨੇ ਆਪਣੀ ਮੀਟਿੰਗ ਕਰਕੇ ਕਾਮਰੇਡ ਵੀ ਵੀ  ਐਂਥਨੀ ਨੂੰ ਆਪਣਾ ਸਕੱਤਰ ਚੁਣ ਲਿਆ । ਅਜਲਾਸ ਵਿਚ ਕਾਮਰੇਡ ਸੁਰਿੰਦਰ ਖੀਵਾ , ਪ੍ਰਸ਼ੋਤਮ ਬਿਲਗਾ , ਪ੍ਰਕਾਸ਼ ਕਲੇਰ ,  ਗੁਰਪਰਮਜੀਤ ਕੌਰ ਤੱਗੜ ,  ਵਰਿੰਦਰਪਾਲ ਸਿੰਘ ਕਾਲਾ , ਮੇਲਾ ਸਿੰਘ ਰੁੜਕਾ , ਰਾਮ ਮੂਰਤੀ ਸਿੰਘ ਅਤੇ ਹੋਰ ਸਾਥੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ । ਇਕ ਮਤੇ ਰਾਹੀਂ ਕਿਸਾਨ  ਸੰਘਰਸ਼ ਦੀ ਹਮਾਇਤ ਕੀਤੀ ਗਈ  ।