ਫਗਵਾੜਾ 20 ਜਨਵਰੀ (ਸ਼ਿਵ ਕੋੋੜਾ) ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ  ਬੰਟੀ ਰੋਮਾਣਾ ਅਤੇ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਦੇ ਦਿਸ਼ਾ ਨਿਰਦੇਸ਼ਾਂ ਤੇ ਦਿੱਲੀ ਵਿਚ ਕਿਸਾਨੀ ਬਿੱਲਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਖ਼ਿਲਾਫ਼ ਹੈਂਕੜਬਾਜ਼ੀ ਵਾਲਾ ਵਤੀਰਾ ਅਪਣਾਉਣ ਅਤੇ ਕਿਸਾਨ ਹਿਮਾਇਤੀਆਂ ਨੂੰ ਐਨ.ਆਈ.ਏ ਦੀ ਦੁਰਵਰਤੋਂ ਕਰ ਨੋਟਿਸ ਭੇਜਣ ਦੇ ਖ਼ਿਲਾਫ਼ ਜ਼ਿਲਾ ਕਪੂਰਥਲਾ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ 21 ਜਨਵਰੀ ਨੂੰ ਡੀ.ਸੀ. ਕਪੂਰਥਲਾ ਦਫ਼ਤਰ ਅੱਗੇ ਪੁਤਲੇ ਫੂਕੇ ਜਾਣਗੇ। ਇਸ ਗੱਲ ਦੀ ਜਾਣਕਾਰੀ ਦਿੰਦੇ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਕਪੂਰਥਲਾ ਅਤੇ ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਪਿਛਲੇ 53 ਦਿਨਾਂ ਤੋ ਦੇਸ਼ ਦਾ ਅੰਨ ਦਾਤਾ ਕਿਸਾਨ ਕੜਾਕੇ ਦੀ ਸਰਦੀ ਵਿਚ ਆਪਣੀ ਹੱਕੀ ਮੰਗਾ ਨੂੰ ਲੈ ਦਿੱਲੀ ਬਾਰਡਰਾਂ ਤੇ ਸ਼ਾਂਤਮਈ ਧਰਨੇ ਤੇ ਬੈਠੇ ਹਨ। ਕਰੀਬ 5 ਦਰਜਨ ਤੋਂ ਵੱਧ ਕਿਸਾਨ ਇਸ ਦੌਰਾਨ ਸ਼ਹੀਦ ਹੋ ਚੁੱਕੇ ਹਨ,ਪਰ ਅਫ਼ਸੋਸ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਰਦੇ ਦੇ ਪਿੱਛੇ ਰਹਿ ਕੇ ਮਨ ਕੀ ਬਾਤ ਕਰ ਰਹੇ ਹਨ,ਉਨਾਂ ਨੂੰ ਦੇਸ਼ ਦੇ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ। ਮੋਦੀ ਸਰਕਾਰ ਆਪਣੇ ਪੂੰਜੀਪਤੀ ਦੋਸਤਾ ਦੀ ਸ਼ਹਿ ਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਧਰਨੇ ਵਿਚ ਖ਼ਲਲ ਪਾਕੇ ਬਦਨਾਮ ਕਰਨ ਦੇ ਇਰਾਦੇ ਨਾਲ ਕਦੇ ਉਨਾਂ ਨੂੰ ਖਾਲਿਸਤਾਨੀ ਅਤੇ ਕਦੇ ਅਰਬਨ ਨੈਕਸਲਾਈਟ ਕਹਿ ਰਹੀ ਹੈ। ਜਦੋਂ ਇਸ ਨਾਲ ਵੀ ਕਿਸਾਨ ਸ਼ਾਂਤ ਰਹੇ ਅਤੇ ਮੋਦੀ ਸਰਕਾਰ ਦੀ ਦਾਲ ਨਹੀਂ ਗਲੀ ਤਾਂ ਕੇਂਦਰੀ ਏਜੈਂਸੀ ਐਨ.ਆਈ.ਏ ਦੀ ਦੁਰਵਰਤੋਂ ਕਰ ਕਿਸਾਨ ਨੇਤਾਵਾਂ ਅਤੇ ਸਹਿਯੋਗੀਆਂ ਨੂੰ ਸੰਮਨ ਕਰਨੇ ਸ਼ੁਰੂ ਕਰ ਦਿੱਤੇ। ਖੁਰਾਣਾ ਨੇ ਕਿਹਾ ਕਿ ਇਸ ਢੰਗ ਨਾਲ ਕੇਂਦਰ ਸਰਕਾਰ ਹੈਂਕੜਬਾਜ਼ੀ ਦਿਖਾਉਂਦੇ ਹੋਏ ਕਿਸਾਨ ਅੰਦੋਲਨ ਦਾ ਦਮਨ ਕਰਨਾ ਚਾਹੁੰਦੀ ਹੈ,ਪਰ ਇਸ ਨੂੰ ਅਕਾਲੀ ਦਲ ਕਦੇ ਬਰਦਾਸ਼ਤ ਨਹੀਂ ਕਰੇਗਾ ਅਤੇ ਹਮੇਸ਼ਾ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜਾਂ ਹੈ। ਇਸ ਲਈ ਪ੍ਰਧਾਨਮੰਤਰੀ ਅਤੇ ਗ੍ਰਹਿ  ਮੰਤਰੀ ਦੇ ਪੁਤਲੇ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨਾਂ ਸਮੂਹ ਸਰਕਲ ਪ੍ਰਧਾਨਾ ਨੂੰ ਅਪੀਲ ਕੀਤੀ ਕਿ ਇਸ ਵਿਚ ਸ਼ਾਮਲ ਹੋਣ ਲਈ ਅੱਜ ਸਾਢੇ 12 ਵਜੇ ਸਟੇਟ ਗੁਰਦੁਆਰਾ ਸਾਹਿਬ,ਕਪੂਰਥਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਤਾਕੀ ਇਸ ਹੰਕਾਰੀ ਸਰਕਾਰ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਸਕੇ।